ਸੰਗਰੂਰ: ਲਹਿਰਾਗਾਗਾ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸੇਬ ਵੇਚਣ ਵਾਲੇ ਦੁਕਾਨ ਉੱਤੇ ਸੇਬ ਲੈ ਕੇ ਆਏ, ਜਦੋਂ ਉਨ੍ਹਾਂ ਸੇਬ ਦੀ ਪੇਟੀ ਖੋਲ੍ਹੀ ਤਾਂ ਉਸ ਵਿੱਚੋਂ ਕੁੱਝ ਸੇਬ ਅਜਿਹੇ ਨਿਕਲੇ ਜਿਨ੍ਹਾਂ ਉੱਤੇ ਸਮੀਰ ਟਾਈਗਰ, ਬੁਰਹਾਨ ਵਾਨੀ, ਇੰਡੀਅਨ ਗੋ ਬੈਕ ਨਾਲ ਦੇਸ਼ ਵਿਰੋਧੀ ਨਾਅਰੇ ਲਿਖੇ ਹੋਏ ਸਨ।
ਲੋਕਾਂ ਦਾ ਮੰਨਣਾ ਹੈ ਕਿ ਇਹ ਕਸ਼ਮੀਰ ਤੋਂ ਆਏ ਹਨ ਅਤੇ ਸਾਡੇ ਲੋਕਾਂ ਲਈ ਇੱਕ ਵੱਡਾ ਸੰਕੇਤ ਹੈ ਕਿ ਉੱਥੋਂ ਦੇ ਲੋਕ ਅਜਿਹੀਆਂ ਗਤੀਵਿਧੀਆਂ ਕਰ ਕੇ ਅਜਿਹੇ ਸੰਦੇਸ਼ ਭੇਜ ਰਹੇ ਹਨ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਦਹਿਸ਼ਤ ਨਾ ਫੈਲਾਉਣ। ਪੁਲਿਸ ਨੇ ਸਾਰੇ ਸੇਬ ਆਪਣੇ ਕਬਜੇ ਵਿੱਚ ਲੈ ਲਏ ਹਨ ਅਤੇ ਸਾਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਸੇਬ ਵੇਚਣ ਵਾਲੇ ਮੱਖਣ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਵਾਂਗ ਹੀ ਸੇਬ ਲੈ ਕੇ ਆਇਆ ਸੀ, ਜਦੋਂ ਉਹ ਸੇਬਾਂ ਦਾ ਡੱਬਾ ਖੋਲ੍ਹ ਰਿਹਾ ਸੀ, ਤਾਂ ਸੇਬ ਉੱਪਰ ਦੇਸ਼ ਵਿਰੋਧੀ ਨਾਅਰੇ, ਅੱਤਵਾਦੀਆਂ ਦੇ ਨਾਂਅ ਸਮੀਰ ਟਾਈਗਰ, ਬੁਰਹਾਨ ਵਾਨੀ, ਇੰਡੀਅਨ ਗੋ ਬੈਕ ਵਰਗੇ ਨਾਅਰੇ ਲਿਖੇ ਹੋਏ ਸਨ।
ਸੰਗਰੂਰ ਦੇ ਐਸ ਪੀ ਡੀ ਹਰਿੰਦਰ ਸਿੰਘ ਨੇ ਪੂਰੇ ਮਾਮਲੇ ਉੱਤੇ ਬੋਲਦਿਆਂ ਕਿਹਾ ਕਿ ਸੰਗਰੂਰ ਦੇ ਲਹਿਰਾਗਾਗਾ ਵਿਖੇ ਇੱਕ ਫਲ਼ ਦੁਕਾਨਦਾਰ ਨੇ ਟੋਹਾਣਾ, ਹਰਿਆਣਾ ਤੋਂ ਸੇਬ ਖਰੀਦਿਆ ਸੀ, ਜਿਸ ਵਿੱਚ ਕੁਝ ਨਾਅਰੇ ਲਿਖੇ ਹੋਏ ਸਨ। ਪੁਲਿਸ ਜਾਂਚ ਕਰ ਰਹੀ ਹੈ ਅਤੇ ਪੂਰੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਿੱਥੇ ਇੰਡੀਅਨ ਗੋ ਬੈਕ ਵਰਗੇ ਨਾਅਰੇ ਲਿਖੇ ਹੋਏ ਸੇਬ ਮਿਲੇ ਹਨ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅਜਿਹੇ ਸੇਬ ਮਿਲੇ ਹਨ। ਇੱਥੇ ਇਹ ਵੀ ਜ਼ਿਕਰ ਕਰ ਦਈਏ ਕਿ ਜੰਮੂ-ਕਸ਼ਮੀਰ ਸੇਬ ਲੈਣ ਗਏ ਟਰੱਕ ਡਰਾਈਵਰਾਂ ਉੱਤੇ ਵੀ ਹਮਲੇ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਹੁਣ ਤੱਕ 4 ਦੀ ਮੌਤ ਵੀ ਹੋ ਚੁੱਕੀ ਹੈ।