ਰੂਪਨਗਰ: ਖੇਡ ਵਿਭਾਗ ਨੇ ਮਿਸ਼ਨ ਤੰਦਰੁਸਤ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਖੇਡਾਂ ਅੰਡਰ-14 (ਕੁੜੀਆਂ) 11 ਤੋਂ 13 ਅਕਤੂਬਰ ਤੱਕ ਨਹਿਰੂ ਸਟੇਡੀਅਮ ਰੂਪਨਗਰ 'ਚ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਸਬੰਧ ਵਿੱਚ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ 'ਚ ਬੁੱਧਵਾਰ ਨੂੰ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸਟੇਟ ਪੱਧਰ ਦਾ ਟੂਰਨਾਮੈਂਟ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ/ਕਰਮਚਾਰੀਆਂ ਤੋਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤਾਂ ਜੋ ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਜ਼ਿਲ੍ਹਾ ਖੇਡ ਅਫ਼ਸਰ ਸ਼ੀਲ ਭਗਤ ਨੇ ਦੱਸਿਆ ਕਿ ਰਾਜ ਖੇਡਾਂ ਅੰਡਰ-14 ਸਾਲ (ਕੁੜੀਆਂ) ਵਿੱਚ 22 ਜ਼ਿਲ੍ਹਿਆਂ ਤੋਂ ਲੱਗਭਗ 3500 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ, ਇਸ ਦੇ ਨਾਲ ਹੀ 400 ਆਫੀਸ਼ੀਅਲਜ਼ ਆਉਣਗੇ। ਇਸ ਟੂਰਨਾਮੈਂਟ ਵਿੱਚ 20 ਖੇਡਾਂ ਦੇ ਮੁਕਾਬਲੇ ਕਰਵਾਏ ਜਾਣੇ ਹਨ।