ਰੋਪੜ: ਈਟੀਵੀ ਭਾਰਤ ਰੂਪਨਗਰ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ ਵਿੱਚ ਬਣੀ ਸਰਕਾਰੀ ਡਿਸਪੈਂਸਰੀ ਤੋਂ ਮਰੀਜ਼ਾਂ ਨੂੰ ਦਵਾਈਆਂ ਘੱਟ ਅਤੇ ਬਾਹਰਲੇ ਮੈਡੀਕਲ ਸਟੋਰਾਂ ਤੋਂ ਵੱਧ ਮਿਲਣ ਦੀ ਖ਼ਬਰ ਨਸ਼ਰ ਕੀਤੀ ਗਈ ਸੀ। ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਆਮ ਲੋਕਾਂ ਨੇ ਕਿਹਾ ਸੀ ਕਿ ਜੋ ਡਾਕਟਰ ਉਨ੍ਹਾਂ ਨੂੰ ਦਵਾਈਆਂ ਲਿਖਦੇ ਹਨ, ਉਹ ਡਿਸਪੈਂਸਰੀ ਤੋਂ ਨਹੀਂ ਬਲਕਿ ਬਾਹਰ ਮੈਡੀਕਲ ਸਟੋਰਾਂ ਤੋਂ ਹੀ ਮਿਲਦੀਆਂ ਹਨ।
ਇਹ ਮਾਮਲਾ ਜਦੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਫੌਰੀ ਤੌਰ 'ਤੇ ਪੰਜਾਬ ਦੇ ਸਾਰੇ ਡਾਕਟਰਾਂ ਨੂੰ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਕੋਈ ਵੀ ਡਾਕਟਰ ਮਰੀਜ਼ ਨੂੰ ਦਵਾਈ ਦੇ ਸਾਲਟ ਦਾ ਨਾਂਅ ਲਿਖੇਗਾ, ਨਾ ਕਿ ਦਵਾਈ ਦਾ ਬ੍ਰੈਂਡ ਨਾਂਅ। ਜੇਕਰ, ਡਾਕਟਰਾਂ ਨੇ ਜੇਕਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ, ਤਾਂ ਉਨ੍ਹਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਤੈਨਾਤ ਜ਼ਿਆਦਾਤਰ ਡਾਕਟਰ ਮਰੀਜ਼ਾਂ ਨੂੰ ਸਰਕਾਰੀ ਡਿਸਪੈਂਸਰੀਆਂ ਦੀਆਂ ਫ੍ਰੀ ਦਵਾਈਆਂ ਘੱਟ ਤੇ ਪ੍ਰਾਈਵੇਟ ਮੈਡੀਕਲ ਸਟੋਰ ਦੀਆਂ ਮਹਿੰਗੀਆਂ ਦਵਾਈਆਂ ਵੱਧ ਲਿੱਖਦੇ ਹਨ। ਵੱਡੀਆਂ-ਵੱਡੀਆਂ ਦਵਾਈਆਂ ਦੀਆਂ ਕੰਪਨੀਆਂ ਇਨ੍ਹਾਂ ਡਾਕਟਰਾਂ ਨੂੰ ਉਨ੍ਹਾਂ ਦਵਾਈਆਂ ਦੇ ਵਿੱਚੋਂ ਮੋਟਾ ਹਿੱਸਾ ਦਿੰਦੀ ਹੈ।
ਇਸ ਮਾਮਲੇ ਵਿੱਚ ਪੰਜਾਬ ਦੀ ਕੋਈ ਵੀ ਸਰਕਾਰ ਇਸ ਗੋਰਖਧੰਦੇ ਨੂੰ ਠੱਲ੍ਹ ਪਾਉਣ ਵਿੱਚ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ ਹੈ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਜਾਰੀ ਕੀਤੇ, ਇਨ੍ਹਾਂ ਨਿਰਦੇਸ਼ਾਂ ਦਾ ਜ਼ਮੀਨੀ ਪੱਧਰ 'ਤੇ ਕਿੰਨਾ ਅਸਰ ਹੋਵੇਗਾ ਅਤੇ ਗਰੀਬ ਲੋਕਾਂ ਨੂੰ ਰਾਹਤ ਮਿਲੇਗੀ।
ਇਹ ਵੀ ਪੜ੍ਹੋ: ਮੁਕੇਰੀਆਂ ਤੋਂ ਕਾਂਗਰਸੀ ਐਮਐਲਏ ਰਜਨੀਸ਼ ਬੱਬੀ ਦਾ ਦੇਹਾਂਤ
ਈਟੀਵੀ ਭਾਰਤ ਲੋਕਾਂ ਦੀਆਂ ਮੁਸ਼ਕਲਾਂ ਨੂੰ ਹਮੇਸ਼ਾ ਨਿਰਪੱਖਤਾ ਦੇ ਨਾਲ ਆਪਣੇ ਮਾਧਿਅਮ ਰਾਹੀਂ ਪ੍ਰਸਾਰਿਤ ਕਰਦਾ ਰਹੇਗਾ।