ਨਾਭਾ: 64 ਕਰੋੋੜ ਰੁਪਏ ਦੇ ਕਥਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ 2 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਨਾਭਾ ਵਿਖੇ ਪਹੁੰਚੇ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਪਾਰਟੀ ਆਗੂ ਪਹੁੰਚੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਨ। ਉਨ੍ਹਾਂ ਨੇ ਕਿਹਾ ਕਿ ਧਰਮਸੋਤ ਨੇ ਸਮਾਜ ਸੇਵਾ ਵਿਭਾਗ ਦੀ ਥਾਂ ਵਿਭਾਗ ਨੂੰ ਆਪ ਸੇਵਾ ਦਾ ਵਿਭਾਗ ਬਣਾ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਨਾਂ ਤੇ ਨਵੀਂ ਸਕੌਲਰਸ਼ਿਪ ਦੀ ਸ਼ੁਰੂਆਤ ਕਰਨ ਤੇ ਚੰਦੂਮਾਜਰਾ ਨੇ ਤੰਜ ਕਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ਼ੋਸ਼ੇਬਾਜ਼ ਡਰਾਮੇਬਾਜ਼ੀ ਦੇ ਮਾਹਿਰ ਨੇ, ਉਨ੍ਹਾਂ ਨੇ ਸਿਰਫ ਤੇ ਸਿਰਫ ਸ਼ੋਸ਼ੇਬਾਜ਼ੀ ਤੇ ਲਿਫ਼ਾਫੇਬਾਜ਼ੀ ਹੀ ਖਟੀ ਹੈ, ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਠੱਗੀ ਮਾਰ ਗਏ।
ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਰਾਸ਼ਟਰਪਤੀ ਕੋਲ ਜਾਣ ਦੀ ਬਜਾਏ, ਪੰਜਾਬ ਵਿਧਾਨ ਸਭਾ ਦੇ ਵਿਚ ਸਾਰੇ ਐਮ.ਐਲ.ਏ ਨੂੰ ਬੁਲਾ ਕੇ ਏਪੀਐਮਸੀ ਐਕਟ ਦੇ ਵਿੱਚ ਸੋਧ ਕਰਨ, ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਸੀਂ ਲਫਾਫੇਬਾਜ਼ੀ ਦੇ ਡਰਾਮੇਬਾਜ਼ੀ ਤੇ ਨਾਲ ਨਹੀ ਹਾਂ।
ਭਾਜਪਾ ਆਗੂ ਤਰੁਣ ਚੁੱਘ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕੀ ਅਸੀਂ 117 ਵਿਧਾਨ ਸਭਾ ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਨੰਬਰ ਵਨ ਪਾਰਟੀ ਬਣਾਵਾਂਗੇ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਬਹੁਤ ਦੂਰ ਹਨ। ਸੂਬੇ ਅੰਦਰ ਪਹਿਲਾਂ ਹੀ ਨਵੇਂ ਵਿਵਾਦ ਖੜ੍ਹੇ ਹੋ ਗਏ ਹਨ। ਕੇਂਦਰ ਸਰਕਾਰ ਪੰਜਾਬ ਸੂਬੇ ਨੂੰ ਟਕਰਾਅ ਵਿੱਚ ਧੱਕ ਰਹੀ ਹੈ। ਚੰਦੂਮਾਜਰਾ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਸਰਕਾਰ ਪਾਕਿਸਤਾਨ ਨਾਲ ਸ਼ਰਤਾਂ ਰੱਖਦਾ ਹੈ ਉਸੇ ਤਰ੍ਹਾਂ ਹੀ ਪੰਜਾਬ ਦੇ ਕਿਸਾਨਾਂ ਲਈ ਵੀ ਕੇਂਦਰ ਸਰਕਾਰ ਸ਼ਰਤਾਂ ਰੱਖ ਰਿਹਾ। ਚੰਦੂਮਾਜਰਾ ਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਤੇ ਦਬਾਅ ਬਣਾਉਣ ਤਾਂ ਪੰਜਾਬ ਨੂੰ ਬਰਬਾਦੀ ਅਤੇ ਤਬਾਹੀ ਵੱਲ ਨਾ ਧਕਿਆ ਜਾਵੇ।
ਪਰਾਲੀ ਫੂਕਣ ਤੇ ਕਿਸਾਨਾਂ ਨੂੰ 1 ਕਰੋੜ ਰੁਪਏ ਦਾ ਜੁਰਮਾਨਾ ਤੇ ਸਜ਼ਾ ਦੇ ਵਾਲੇ ਨਿਯਮ ਬਾਰੇ ਚੰਦੂਮਾਜਰਾ ਨੇ ਕਿਹਾ ਕਿ ਇਹ ਵੀ ਕਿਸਾਨਾਂ ਨੂੰ ਡਰਾਉਣ ਅਤੇ ਧਮਕਾਉਣ ਦਾ ਜ਼ਰੀਆ ਹੈ। ਉਨ੍ਹਾਂ ਨੇ ਕਿਹਾ ਕਿ ਦਸ ਸਾਲਾਂ ਦੇ ਦੌਰਾਨ ਹਵਾ ਦਾ ਰੁੱਖ ਦਿੱਲੀ ਤੋਂ ਪੰਜਾਬ ਵੱਲ ਨੂੰ ਆ ਰਿਹਾ ਹੈ। ਇਹ ਚਿੰਗਾਰੀ ਅਰਵਿੰਦ ਕੇਜਰੀਵਾਲ ਵੱਲੋਂ ਛੇੜੀ ਗਈ ਹੈ ਅਤੇ ਉਸ ਦਾ ਸਹਾਰਾ ਲੈ ਕੇ ਮੋਦੀ ਹੁਣ ਕਿਸਾਨਾਂ ਨੂੰ ਭਾਰੀ ਜੁਰਮਾਨੇ ਕਰਨ ਤੋਂ ਇਲਾਵਾ ਧਮਕਾ ਰਿਹਾ ਹੈ।