ਪਠਾਨਕੋਟ: ਹਲਕਾ ਸੁਜਾਨਪੁਰ ਵਿੱਚ 2005 ਵਿੱਚ ਲੱਖਾਂ ਦੀ ਲਾਗਤ ਨਾਲ ਬਣਾਏ ਗਏ ਕਮਿਊਨਿਟੀ ਹਾਲ ਦੀ ਹਾਲਤ ਖ਼ਸਤਾ ਹੈ। ਦਰਅਸਲ ਇਹ ਹਾਲ ਉਸ ਸਮੇਂ ਦੇ ਮੰਤਰੀ ਅਤੇ ਸੁਜਾਨਪੁਰ ਦੇ ਸਾਬਕਾ ਵਿਧਾਇਕ ਰਘੁਨਾਥ ਸਹਾਏਪੁਰੀ ਨੇ 80 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਵਾਇਆ ਸੀ ਤਾਂ ਜੋ ਸੁਜਾਨਪੁਰ ਦੇ ਗਰੀਬ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ ਅਤੇ ਅਤੇ ਦੂਜੇ ਪ੍ਰੋਗਰਾਮ ਸਸਤੇ ਵਿੱਚ ਕਰਵਾ ਸਕਣ।
ਹੁਣ ਭਾਵੇਂ ਰਘੁਨਾਥ ਪੁਰੀ ਦਾ ਦੇਹਾਂਤ ਹੋ ਚੁੱਕਿਆ ਹੈ ਪਰ ਸਮੇਂ ਦੇ ਨਾਲ ਕਮਿਊਨਟੀ ਹਾਲ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ ਜਿਸ ਦੀਆਂ ਖਿੜਕੀਆਂ ਟੁੱਟ ਚੁੱਕੀਆਂ ਹਨ ਰਸੋਈ ਘਰ ਦੀ ਹਾਲਤ ਬੁਰੀ ਹੈ। ਗੰਦਗੀ ਦਾ ਆਲਮ ਇਹ ਹੈ ਕਿ ਨਾਂ ਤਾ ਸਰਕਾਰ ਇਸ ਵੱਲ ਕੋਈ ਧਿਆਨ ਦੇ ਰਹੀ ਹੈ ਅਤੇ ਨਾ ਹੀ ਪ੍ਰਸ਼ਾਸਨ ਇਸ ਦੀ ਦੇਖ-ਰੇਖ ਕਰ ਰਿਹਾ ਹੈ।
ਇਸ ਬਾਰੇ ਗੱਲ ਕਰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਅਸੀਂ ਆਪਣੇ ਵਿਆਹ-ਸ਼ਾਦੀਆਂ ਤੇ ਛੋਟੇ ਮੋਟੇ ਪ੍ਰੋਗਰਾਮ ਇਸ ਕਮਿਊਨਟੀ ਹਾਲ ਦੇ ਵਿੱਚ ਕਰਵਾ ਲੈਂਦੇ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਪ੍ਰਸ਼ਾਸਨ ਨੇ ਇਸ ਹਾਲ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ ਜਿਸ ਦੇ ਚੱਲਦੇ ਅੱਜ ਇਹ ਹਾਲ ਇਕ ਖੰਡਰ ਦਾ ਰੂਪ ਅਖ਼ਤਿਆਰ ਕਰਨ ਦੀ ਕਗਾਰ ਉੱਤੇ ਹੈ। ਉਨ੍ਹਾਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਇਸ ਦੀ ਹਾਲਤ ਠੀਕ ਕਰਵਾਈ ਜਾਵੇ।