ਅੰਮ੍ਰਿਤਸਰ: ਇੱਕ ਪਾਸੇ ਪੰਜਾਬ ਦੇ ਨੌਜਵਾਨ ਅਮਰੀਕਾ ਵੱਲੋਂ ਡਿਪੋਰਟ ਹੋ ਕੇ ਆਪਣੇ ਘਰ ਸਹੀ ਸਲਾਮਤ ਪਰਤ ਆਏ ਹਨ ਪਰ ਦੂਜੇ ਪਾਸੇ ਅੰਮ੍ਰਿਤਸਰ ਦਾ ਨੌਜਵਾਨ ਇੰਨਾ ਭਾਗਾਂ ਵਾਲਾ ਨਹੀਂ ਸੀ ਕਿ ਜੋ ਜਿਉਂਦੇ ਜੀ ਆਪਣੇ ਘਰ ਪਰਤ ਸਕਦਾ। ਦਰਅਸਲ ਘਰ ਦੀ ਮਾਲੀ ਹਾਲਾਤ ਸੁਧਾਰਨ ਅਤੇ ਚੰਗੇ ਭਵਿੱਖ ਲਈ ਲੱਖਾਂ ਰੁਪਏ ਖ਼ਰਚ ਕਰਕੇ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਮੌੜੇ ਕਲਾਂ ਦਾ 20 ਸਾਲਾ ਨੌਜਵਾਨ ਤਰਸੇਮ ਸਿੰਘ ਸਪੇਨ ਗਿਆ ਸੀ, ਜਿੱਥੇ ਨੌਜਵਾਨ ਦੀ ਭੇਤ-ਭਰੇ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਲਾਸ਼ 25 ਦਿਨ ਬਾਅਦ ਵਤਨ ਲਿਆਂਦੀ ਗਈ। ਜਿੱਥੇ ਨੌਜਵਾਨ ਦੇ ਜੱਦੀ ਪਿੰਡ ਵਿੱਚ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਪੁੱਤ ਦੀ ਇਸ ਤਰ੍ਹਾਂ ਮੌਤਾ ਦੇ ਕਾਰਨ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ
ਇਸ ਮੰਦਭਾਗੀ ਖ਼ਬਰ ਤੋਂ ਜਿਥੇ ਪਿੰਡ ਵਿੱਚ ਸੋਗ ਹੈ ਤਾਂ ਉਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕੀ ਉਨ੍ਹਾਂ ਦਾ ਬੇਟਾ ਘਰ ਦੀ ਮਾਲੀ ਹਾਲਤ ਸੁਧਾਰਨ ਲਈ 6 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ। ਉਸ ਨੇ ਚੰਗੇ ਭਲੇ ਤਰੀਕੇ ਨਾਲ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਅਤੇ ਕੁਝ ਦਿਨ ਬਾਅਦ ਅਚਾਨਕ ਹੀ ਉਸ ਦੀ ਭੇਤ-ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ। ਪਿਤਾ ਨੇ ਦੱਸਿਆ ਕਿ ਫਿਲਹਾਲ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਰਿਸ਼ਤੇਦਾਰਾਂ ਨੇ ਵੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ।
ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ
ਇਸ ਮੌਕੇ ਕਿਸਾਨ ਆਗੂ ਕਾਬਲ ਸਿੰਘ ਮਹਾਵਾ ਨੇ ਕਿਹਾ ਨੌਜਵਾਨ ਦੀ ਭੇਤ-ਭਰੇ ਹਾਲਾਤਾਂ ਵਿੱਚ ਸਪੇਨ ਦੀ ਧਰਤੀ 'ਤੇ ਮੌਤ ਹੋਈ ਹੈ, ਜਿੱਥੇ ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਨੌਜਵਾਨ ਦੀ ਲਾਸ਼ ਨੂੰ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਦਾਨੀ ਸੱਜਣਾਂ ਤੇ ਸਪੇਨ ਦੀ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨ ਦੇ ਪਰਿਵਾਰ ਦੀ ਕਿਸੇ ਤਰ੍ਹਾਂ ਮਦਦ ਕੀਤੀ ਜਾਵੇ, ਕਿਉਂਕਿ ਨੌਜਵਾਨ ਦੇ ਪਿਤਾ ਨੇ ਉਸ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ।