ਚੰਡੀਗੜ੍ਹ: ਅਮਰੀਕਾ ਨੇ ਸਖ਼ਤ ਪਰਵਾਸ ਨੀਤੀ ਦੇ ਕਾਰਨ ਭਾਰਤੀਆਂ ਨੂੰ ਡਿਪੋਰਟ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਉਥੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ 30 ਪੰਜਾਬੀ ਸ਼ਾਮਲ ਹਨ। ਅਮਰੀਕਾ ਵੱਲੋਂ ਵਾਪਸ ਭੇਜੇ ਗਏ ਪੰਜਾਬੀਆਂ ਨੇ ਆਪਣਾ ਦਰਦ ਬਿਆਨ ਕੀਤਾ ਹੈ। ਡਿਪੋਰਟ ਕੀਤੇ ਗਏ ਸਾਰੇ ਹੀ ਪੰਜਾਬੀ ਇਸ ਸਮੇਂ ਕਰਜ਼ੇ ਦੀ ਮਾਰ ਹੇਠ ਹਨ, ਕਈਆਂ ਨੇ ਤਾਂ ਆਪਣੇ ਬੱਚਿਆਂ ਦਾ ਸੁਪਨਾ ਪੂਰਾ ਕਰਨ ਲਈ ਆਪਣਾ ਘਰ-ਬਾਰ ਵੀ ਵੇਚ ਦਿੱਤਾ ਸੀ।
‘42 ਲੱਖ ਲਗਾਕੇ ਭੇਜਿਆ ਸੀ ਅਮਰੀਕਾ’
ਅਮਰੀਕਾ ਵੱਲੋਂ ਵਾਪਸ ਭੇਜੇ ਗਏ ਪਰਵਾਸੀਆਂ ਵਿੱਚ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਟਾਹਲੀ ਦਾ ਨੌਜਵਾਨ ਹਰਵਿੰਦਰ ਸਿੰਘ ਵੀਰਵਾਰ ਨੂੰ ਆਪਣੇ ਘਰ ਪਹੁੰਚਿਆ। ਹਰਵਿੰਦਰ ਦੀ ਪਤਨੀ ਨੇ ਦੱਸਿਆ ਕਿ "ਉਨ੍ਹਾਂ ਨੇ ਏਜੰਟ ਨੂੰ 42 ਲੱਖ ਰੁਪਏ ਦਿੱਤੇ ਸਨ ਅਤੇ ਕਾਨੂੰਨੀ ਤੌਰ ਉੱਤੇ ਅਮਰੀਕਾ ਭੇਜਣ ਦੀ ਗੱਲ ਹੋਈ ਸੀ, ਪਰ ਏਜੰਟ ਨੇ ਮੇਰੇ ਪਤੀ ਨੂੰ ਡੰਕੀ ਲਵਾਕੇ ਅਮਰੀਕਾ ਭੇਜਿਆ। ਅਸੀਂ 42 ਲੱਖ ਰੁਪਏ ਏਜੰਟ ਨੂੰ ਦਿੱਤੇ ਸੀ, ਪਰ ਸਾਡੇ ਨਾਲ ਧੋਖਾ ਹੋਇਆ।"
ਮਨਦੀਪ ਸਿੰਘ ਨਾਲ ਹੋਏ ਜ਼ੁਲਮਾਂ ਦੀ ਦਾਸਤਾਨ...
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਮਨਦੀਪ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ। ਮਨਦੀਪ ਸਿੰਘ ਨੇ ਦੱਸਿਆ ਕਿ "ਉਹ 2 ਸਾਲ ਪਹਿਲਾਂ ਸਪੇਨ ਗਿਆ ਸੀ ਅਤੇ ਸਪੇਨ ਤੋਂ ਉਸ ਨੇ ਆਪਣੇ ਹੀ ਪਿੰਡ ਦੇ ਏਜੰਟ ਨਾਲ ਅਮਰੀਕਾ ਜਾਣ ਲਈ ਗੱਲ ਕੀਤੀ ਸੀ। ਏਜੰਟ ਨੇ ਉਸ ਤੋਂ 22 ਲੱਖ ਰੁਪਏ ਲਏ ਤੇ ਕਿਹਾ ਕਿ ਉਹ ਡੰਕੀ ਲਗਾ 15 ਦਿਨ ਦੇ ਵਿੱਚ ਅਮਰੀਕਾ ਪਹੁੰਚ ਜਾਵੇਗਾ। ਮਨਦੀਪ ਸਿੰਘ ਨੇ ਕਿਹਾ ਕਿ ਡੌਂਕਰਾਂ ਨੇ ਰਸਤੇ ਵਿੱਚ ਉਸ ਉੱਤੇ ਬਹੁਤ ਜ਼ੁਲਮ ਕੀਤੇ ਅਤੇ ਉਸ ਨੂੰ ਅਮਰੀਕਾ ਪਹੁੰਚ ਲਈ 2 ਮਹੀਨੇ ਲੱਗ ਗਏ।"
‘ਡੌਂਕਰਾਂ ਨੇ ਦਿੱਤੇ ਤਸੀਹੇ’
ਮਨਦੀਪ ਸਿੰਘ ਨੇ ਦੱਸਿਆ ਕਿ ਏਜੰਟ ਨੇ ਮੇਰੇ ਤੋਂ ਤਾਂ ਪੈਸੇ ਲੈ ਲਏ ਪਰ ਡੌਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਿਸ ਕਾਰਨ ਡੌਂਕਰਾਂ ਨੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੈਨੂੰ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ ਅਤੇ ਮੈਂ ਮਜ਼ਬੂਰੀ ਵੱਸ ਕਈ ਵਾਰ ਫਲੱਸ਼ ਵਾਲੀ ਟੈਂਕੀ ਦਾ ਪਾਣੀ ਤੱਕ ਪੀਣਾ ਪੀਂਦਾ ਸੀ। ਮੇਰੇ ਕੋਲ ਜੋ ਪੈਸੇ ਸਨ ਉਹ ਵੀ ਖੋਹ ਲਏ, ਪਾਸਪੋਰਟ ਵੀ ਖੋਹ ਲਿਆ। ਮੇਰੇ ਕੱਪੜੇ ਵੀ ਲਹਾ ਲਏ ਸਨ, ਇਹ ਸਾਰਾ ਏਜੰਟ ਵੱਲੋਂ ਦਿੱਤੇ ਧੋਖੇ ਕਾਰਨ ਹੋਇਆ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਮੇਰੇ ਨਾਲ ਫੜ੍ਹੇ ਗਏ 6 ਮੁੰਡਿਆਂ ਨੇ ਆਪਣੇ ਘਰੋਂ ਪੈਸੇ ਮੰਗਵਾਏ ਅਤੇ ਫਿਰ ਅਸੀਂ ਡੌਂਕਰਾਂ ਦੀ ਕੈਦ ਵਿੱਚੋਂ ਨਿਕਲੇ।
ਸੁਲਤਾਨਪੁਰ ਲੋਧੀ ਦੇ ਗੁਰਪ੍ਰੀਤ ਸਿੰਘ ਨੇ ਸੁਣਾਈ ਹੱਡ ਬੀਤੀ
ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਜਾਣ ਲਈ ਉਸ ਨੇ ਘਰ, ਜ਼ਮੀਨ ਸਭ ਕੁਝ ਗਹਿਣੇ ਰੱਖ ਦਿੱਤਾ। ਉਹ 6 ਅਗਸਤ ਨੂੰ ਅਮਰੀਕਾ ਜਾਣ ਲਈ ਘਰੋਂ ਰਵਾਨਾ ਹੋਇਆ ਸੀ। ਮੈਂ ਡੰਕੀ ਲਗਾ ਗੁਆਨਾ, ਬ੍ਰਾਜ਼ੀਲ, ਪੇਰੂ, ਕੋਲੰਬੀਆ, ਇਕੂਆਡੋਰ ਅਤੇ ਗੁਆਟੇਮਾਲਾ ਦੇ ਟਾਪੂਆਂ ਅਤੇ ਜੰਗਲਾਂ ਵਿੱਚੋਂ ਅਮਰੀਕਾ ਦੇ ਬਾਰਡਰ ਪਾਰ ਕਰ ਗਿਆ। ਬਾਰਡਰ ਪਾਰ ਕਰਨ ਤੋਂ ਬਾਅਦ 15 ਜਨਵਰੀ ਨੂੰ ਮੈਨੂੰ ਅਮਰੀਕੀ ਕੈਂਪ ਵਿੱਚ ਭੇਜ ਦਿੱਤਾ। 20 ਤੋਂ 22 ਦਿਨ ਕੈਂਪ ਵਿੱਚ ਰਹਿਣ ਤੋਂ ਬਾਅਦ ਮੈਨੂੰ ਡਿਪੋਰਟ ਕਰ ਦਿੱਤਾ।
ਅਮਰੀਕੀ ਫੌਜੀਆਂ ਨੇ ਢਾਇਆ ਤਸ਼ੱਦਦ
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਵੱਖ-ਵੱਖ ਕਿਸਮ ਦੀਆਂ ਬੇੜੀਆਂ ਦੇ ਨਾਲ ਜਕੜਿਆ ਗਿਆ। ਜਹਾਜ਼ ਦੇ ਵਿੱਚ ਕੁੱਝ ਲੜਕੀਆਂ ਵੀ ਸ਼ਾਮਲ ਸਨ। ਮੈਂ ਕਦੇ ਨਹੀਂ ਸੀ ਸੋਚਿਆ ਕਿ ਉਹ ਔਰਤਾਂ ਦੇ ਨਾਲ ਵੀ ਅਜਿਹਾ ਵਤੀਰਾ ਕਰਨਗੇ।
‘ਸਾਡਾ ਸਾਰਾ ਕੁਝ ਉਜੜ ਗਿਆ’
ਲਾਲੜੂ ਦੇ ਪਿੰਡ ਜੜੋਤ ਦਾ ਰਹਿਣ ਵਾਲਾ 23 ਸਾਲਾ ਪ੍ਰਦੀਪ ਵੀ ਅਮਰੀਕਾ ਤੋਂ ਡਿਪੋਰਟ ਹੋ ਗਿਆ, ਪਰ ਅਜੇ ਘਰ ਵਾਪਸ ਨਹੀਂ ਪਰਤਿਆ ਹੈ। ਪਰਿਵਾਰ ਵਾਲੇ ਇਸ ਸਮੇਂ ਸਦਮੇ 'ਚ ਹਨ, ਕਿਉਂਕਿ ਕਰਜ਼ਾ ਚੁੱਕ ਕੇ ਉਨ੍ਹਾਂ ਨੇ ਬੱਚੇ ਨੂੰ ਵਿਦੇਸ਼ ਭੇਜਿਆ ਸੀ ਅਤੇ ਉਹ ਹੁਣ ਵਾਪਸ ਆ ਗਿਆ ਹੈ।
ਸਾਡੇ ਕੋਲ 2 ਕਿੱਲੇ ਜ਼ਮੀਨ ਸੀ, ਇੱਕ ਕਿੱਲਾ ਜ਼ਮੀਨ ਵੇਚ ਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ। ਪਰ ਉਸ ਨੂੰ ਵੀ ਡਿਪੋਰਟ ਕਰ ਦਿੱਤਾ ਹੈ। ਪਹਿਲਾਂ ਵੀ ਬੈਂਕਾਂ ਵਿੱਚ 20-25 ਲੱਖ ਕਰਜ਼ਾ ਹੈ ਅਤੇ ਹੁਣ ਹੋਰ ਕਰਜ਼ਾ ਚੜ੍ਹ ਗਿਆ ਹੈ। ਸਰਕਾਰ ਨੂੰ ਅਪੀਲ ਹੈ ਕਿ ਜਾਂ ਸਾਡੇ ਪੁੱਤ ਨੂੰ ਨੌਕਰੀ ਦਿਓ ਜਾਂ ਕਰਜ਼ਾ ਮੁਆਫ ਕਰ ਦਿਓ।- ਨਰਿੰਦਰ ਕੌਰ, ਪ੍ਰਦੀਪ ਦੇ ਮਾਤਾ
ਚੜ੍ਹਦੇ ਸਾਲ ਗਏ ਸੀ ਅਮਰੀਕਾ, ਕਰਤਾ ਡਿਪੋਰਟ...
ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿੱਚ ਕਸਬਾ ਬੇਗੋਵਾਲ ਦੇ ਨਜ਼ਦੀਕ ਪੈਂਦੇ ਪਿੰਡ ਭਦਾਸ ਦੇ ਮਾਂ ਪੁੱਤ ਵੀ ਸ਼ਾਮਿਲ ਹਨ। ਪੀੜਤ ਲਵਪ੍ਰੀਤ ਨੇ ਆਪਣੀ ਦਰਦ ਭਰੀ ਦਸਤਾਨ ਦੱਸਦੇ ਹੋਏ ਕਿ ਹਾਲੇ ਤਾਂ ਮਹਿਜ਼ ਉਸ ਨੂੰ ਆਪਣੇ ਪੁੱਤਰ ਨਾਲ ਗਏ ਹੋਏ 1 ਮਹੀਨਾ ਹੀ ਹੋਇਆ ਸੀ, ਪਰ ਬਿਨ੍ਹਾਂ ਕੁੱਝ ਦੱਸੇ ਅਤੇ ਪੁੱਛੇ ਹੀ ਡਿਪੋਰਟ ਕਰ ਦਿੱਤਾ। ਸਾਨੂੰ ਇੱਕ ਕੈਂਪ 'ਚ ਇੱਕਠੇ ਕਰ ਲਿਆ, ਸਾਡੇ ਕੰਨਾਂ ਵਿੱਚੋਂ ਵਾਲੀਆਂ ਅਤੇ ਹੱਥਾਂ ਵਿੱਚੋਂ ਕੜੇ ਵੀ ਲਵਾ ਲਏ ਗਏ ਸਨ। ਲਵਪ੍ਰੀਤ ਕੌਰ ਨੇ ਦੱਸਿਆ ਕਿ "ਉਹ 1 ਜਨਵਰੀ 2025 ਨੂੰ ਆਪਣੇ ਪੁੱਤਰ ਪ੍ਰਭਜੋਤ ਸਿੰਘ ਨਾਲ ਡੰਕੀ ਰਾਹੀਂ ਅਮਰੀਕਾ ਜਾਣ ਲਈ ਰਵਾਨਾ ਹੋਈ ਸੀ। ਉਹ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚੋਂ ਹੁੰਦੇ ਹੋਏ 27 ਜਨਵਰੀ ਨੂੰ ਸਰਹੱਦ ਪਾਰ ਕਰਕੇ ਹੋਏ ਅਮਰੀਕਾ ਵਿੱਚ ਦਾਖਲ ਹੋ ਗਏ ਸੀ।"
ਸਰਹੱਦ ਟੱਪਣ ਤੋਂ ਬਾਅਦ ਸਾਨੂੰ ਕੈਂਪ ਵਿੱਚ ਲੈ ਕੇ ਗਏ ਅਤੇ ਉੱਥੋਂ ਚੋਰੀ ਸਾਨੂੰ ਜਹਾਜ਼ ਵਿੱਚ ਚੜ੍ਹਾਇਆ ਗਿਆ, ਸਾਨੂੰ ਕੁਝ ਪਤਾ ਨਹੀਂ ਲੱਗਾ ਸਾਡੇ ਨਾਲ ਕੀ ਹੋ ਰਿਹਾ ਹੈ, ਨਾ ਹੀ ਕੋਈ ਕਾਰਨ ਦੱਸਿਆ ਗਿਆ। ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਸੀ ਕਿ ਇੰਡੀਆ ਡਿਪੋਰਟ ਕੀਤਾ ਜਾ ਰਿਹਾ ਹੈ। ਸਾਡੇ ਹੱਥਾਂ-ਪੈਰਾਂ ਵਿੱਚ ਬੇੜੀਆਂ ਲਾ ਦਿੱਤੀਆਂ ਗਈਆਂ ਸੀ। ਸਾਡੇ ਨਾਲ ਕੁੱਲ 104 ਜਣੇ ਵਾਪਸ ਆਏ ਹਨ, ਜਿਨ੍ਹਾਂ ਵਿੱਚ ਕਈ ਪਰਿਵਾਰ ਵੀ ਸ਼ਾਮਲ ਹਨ। - ਡਿਪੋਰਟ ਹੋਈ ਲਵਪ੍ਰੀਤ ਕੌਰ
ਅੰਮ੍ਰਿਤਸਰ ਦੇ ਦਲੇਰ ਦੀ ਦਰਦਾਂ ਭਰੀ ਕਹਾਣੀ
ਜੋ ਪੰਜਾਬੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਹਨ, ਹਰ ਇੱਕ ਦੀ ਆਪਣੀ ਹੀ ਇੱਕ ਵੱਖਰੀ ਕਹਾਣੀ ਹੈ। ਉਨ੍ਹਾਂ ਚੋਂ ਇੱਕ ਦਲੇਰ ਸਿੰਘ ਵੀ ਹੈ ਜੋ ਕਿ 60 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ। ਦਲੇਰ ਸਿੰਘ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਸਲੇਮਪੁਰਾ ਦਾ ਰਹਿਣ ਵਾਲਾ ਹੈ। ਇਹ ਵੀ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਨਿਹਰੇ ਭਵਿੱਖ ਲਈ ਅਮਰੀਕਾ ਗਿਆ ਸੀ, ਪਰ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਗਿਆ।
"ਮੈਂ ਤਾਂ ਇੱਕ ਨੰਬਰ 'ਚ ਜਾਣ ਲਈ ਆਪਣਾ ਘਰ, ਜ਼ਮੀਨ ਗਹਿਣੇ ਰੱਖੀ, ਪਰ ਏਜੰਟ ਵੱਲੋਂ ਮੰਗੇ ਪੈਸੇ ਪੂਰੇ ਨਹੀਂ ਹੋਏ, ਫਿਰ ਮੈਂ ਆਪਣੇ ਯਾਰਾਂ-ਦੋਸਤਾਂ, ਰਿਸ਼ਤੇਦਾਰਾਂ ਤੋਂ ਪੈਸੇ ਮੰਗੇ। ਇਸ ਤਰ੍ਹਾਂ ਮੈਂ 60 ਲੱਖ ਰੁਪਏ ਏਜੰਟ ਨੂੰ ਦਿੱਤੇ। ਮੇਰੇ ਸਾਰੇ ਪੈਸੇ ਉਸ ਸਮੇਂ ਮਿੱਟੀ ਹੋ ਗਏ ਜਦੋਂ ਪਤਾ ਲੱਗਿਆ ਕਿ ਉਹ ਡਿਰੋਪਟ ਹੋ ਗਿਆ ਹੈ"। - ਦਲੇਰ ਸਿੰਘ, ਪੀੜਤ
ਦਲੇਰ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਏਜੰਟ ਨੇ ਉਸ ਨੂੰ ਬਹੁਤ ਵੱਡਾ ਧੋਖਾ ਦਿੱਤਾ ਹੈ। ਉਸ ਨੂੰ 1 ਨੰਬਰ 'ਚ ਅਮਰੀਕਾ ਭੇਜਣ ਲਈ 60 ਲੱਖ ਦਿੱਤੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਵੀ ਡੰਕੀ ਜ਼ਰੀਏ ਹੀ ਅਮਰੀਕਾ 'ਚ ਪਹੁੰਚੇਗਾ। ਇਸ ਸਫ਼ਰ 'ਚ ਉਸ ਨੇ 4 ਮਹੀਨੇ ਦੀ ਖੱਜਲ-ਖੁਆਰੀ ਕੱਟੀ ਅਤੇ 20 ਦਿਨ ਦੀ ਅਮਰੀਕਾ ਦੀ ਜੇਲ੍ਹ ਵੀ ਕੱਟਣੀ ਪਈ। ਕਿਉਂਕਿ ਉਸ ਨੂੰ ਅਮਰੀਕੀ ਫੌਜ ਨੇ ਫੜ੍ਹ ਲਿਆ ਸੀ ਤੇ ਹੁਣ 5 ਸਾਲ ਤੱਕ ਉਸ ਉੱਤੇ ਬੈਨ ਲਗਾ ਦਿੱਤਾ ਹੈ। ਬੇਸ਼ੱਕ ਘਰ ਦਾ ਮਾਹੌਲ ਸ਼ਾਤ ਹੈ ਪਰ ਬੱਚਿਆਂ ਦੀਆਂ ਅੱਖਾਂ 'ਚ ਹੰਝੂ ਅਤੇ ਚਿਹਰੇ 'ਤੇ ਪਰੇਸ਼ਾਨ ਕਰ ਰਹੇ ਹਨ ਤੇ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੇ।
ਯੂਕੇ ਤੋਂ ਅਮਰੀਕਾ ਘੁੰਮਣ ਗਈ ਮੁਸਕਾਨ ਨੇ ਦੱਸਿਆ ਦਰਦ
ਵਿਧਾਨ ਸਭਾ ਹਲਕਾ ਜਗਰਾਓਂ ਦੀ ਰਹਿਣ ਵਾਲੀ ਮੁਸਕਾਨ ਨੇ ਦੱਸਿਆ ਕਿ ਉਹ ਯੂਕੇ ਵਿੱਚ ਪੜਨ ਲਈ ਗਈ ਸੀ। ਉਹ ਸਿਰਫ਼ ਘੁੰਮਣ ਫਿਰਨ ਲਈ ਅਮਰੀਕਾ ਗਈ ਸੀ ਅਤੇ ਉੱਥੇ ਉਸ ਨੂੰ ਕੈਲੀਫੋਰਨੀਆ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਤੇ ਫਿਰ ਬਿਨਾਂ ਉਸ ਦੀ ਗੱਲ ਸੁਣੇ ਉਸ ਨੂੰ ਡਿਪੋਰਟ ਕਰ ਦਿੱਤਾ ਹੈ।
ਅਮਰੀਕਾ ਪੁਲਿਸ ਨੇ ਸਾਨੂੰ ਬੜੇ ਹੀ ਅਦਬ ਨਾਲ ਰੱਖਿਆ, ਸਾਨੂੰ ਕੁੱਝ ਵੀ ਪਤਾ ਨਹੀਂ ਸੀ, ਪੁਲਿਸ ਨੇ ਸਾਨੂੰ ਪਤਾ ਹੀ ਲੱਗਣ ਨਹੀਂ ਦਿੱਤਾ ਕਿ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਕਿਸੇ ਨੇ ਮੈਨੂੰ ਪੁੱਛਿਆ ਤੱਕ ਨਹੀਂ ਕਿ ਉਹ ਇੱਥੇ ਕਿਉਂ ਅਤੇ ਕਿਵੇਂ ਆਈ। ਬਾਰਡਰ 'ਤੇ ਘੁੰਮਣ ਜਾਇਆ ਜਾ ਸਕਦਾ ਹੈ। ਇਹ ਕਾਨੂੰਨ ਹੈ ਪਰ ਇਸ ਦੇ ਬਾਵਜੂਦ ਵੀ ਮੈਨੂੰ ਡਿਪੋਰਟ ਕਰ ਦਿੱਤਾ। - ਮੁਸਕਾਨ
60 ਲੱਖ ਰੁਪਏ ਦੇ ਅਮਰੀਕਾ ਗਿਆ ਸੀ ਆਕਾਸ਼ਦੀਪ ਸਿੰਘ
ਡਿਪੋਰਟ ਕੀਤੇ ਗਏ 30 ਪੰਜਾਬੀਆਂ ਵਿੱਚ ਇੱਕ 23 ਸਾਲਾ ਆਕਾਸ਼ਦੀਪ ਸਿੰਘ ਵੀ ਸ਼ਾਮਲ ਹੈ ਜੋ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਜਾ ਤਾਲ ਦਾ ਵਸਨੀਕ ਹੈ। ਆਕਾਸ਼ਦੀਪ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਕਿਹਾ ਕਿ "ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਦੁਬਈ ਦੇ ਰਸਤੇ 60 ਲੱਖ ਰੁਪਏ ਲਗਾ ਕੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ। ਉਨ੍ਹਾਂ ਨੇ ਆਪਣੇ ਪੁੱਤ ਨੂੰ ਅਮਰੀਕਾ ਭੇਜਣ ਲਈ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਸਾਰੇ ਸੰਦ ਵੇਚ ਦਿੱਤੇ ਸਨ, ਜ਼ਮੀਨ ਵੀ ਗਹਿਣੇ ਰੱਖੀ ਹੋਈ ਹੈ ਤੇ ਬੈਂਕ ਤੋਂ ਕਰਜਾ ਵੀ ਲਿਆ ਹੋਇਆ ਹੈ ਤਾਂ ਜੋ ਉਸ ਦੇ ਪੁੱਤ ਦਾ ਸੁਪਨਾ ਪੂਰਾ ਹੋ ਸਕੇ।"
‘ਨੌਕਰੀ ਨਾ ਮਿਲਣ ’ਤੇ ਚੁਣਿਆ ਵਿਦੇਸ਼ ਜਾਣ ਦਾ ਰਸਤਾ’
ਆਕਾਸ਼ਦੀਪ ਸਿੰਘ ਦੇ ਪਿਤਾ ਨੇ ਕਿਹਾ ਕਿ "ਉਨ੍ਹਾਂ ਨੇ ਪੁੱਤਰ ਨੇ ਪੰਜਾਬ ਵਿੱਚ ਰਹਿੰਦੇ ਹੋਏ ਲਗਾਤਾਰ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ, ਜਿਸ ਕਰਕੇ ਉਨ੍ਹਾਂ ਨੇ ਆਕਾਸ਼ਦੀਪ ਨੂੰ ਵਿਦੇਸ਼ ਭੇਜਣ ਦਾ ਰਸਤਾ ਚੁਣਿਆ ਸੀ। ਸਵਰਨ ਸਿੰਘ ਨੇ ਸਰਕਾਰ ਦੇ ਅੱਗੇ ਗੁਹਾਰ ਲਗਾਈ ਕਿ ਪੰਜਾਬ ਸਰਕਾਰ ਨੂੰ ਇਸ ਸਮੇਂ ਪੰਜਾਬੀਆਂ ਦੇ ਨਾਲ ਖੜਨਾ ਚਾਹੀਦਾ ਹੈ ਤਾਂ ਜੋ ਪਰਿਵਾਰਾਂ ਦੀ ਮਦਦ ਹੋ ਸਕੇ।"
ਫਤਿਹਗੜ੍ਹ ਚੂੜੀਆਂ ਦੇ ਨੌਜਵਾਨ ਜਸਪਾਲ ਸਿੰਘ ਨੇ ਦਰਦ ਕੀਤਾ ਬਿਆਨ
ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਦੇ ਨੌਜਵਾਨ ਜਸਪਾਲ ਸਿੰਘ ਨੇ ਵੀ ਆਪਣਾ ਦਰਦ ਬਿਆਨ ਕੀਤਾ ਹੈ। ਜਸਪਾਲ ਸਿੰਘ ਨੇ ਕਿਹਾ ਕਿ ਉਹ "ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ। ਏਜੰਟ ਵੱਲੋਂ ਉਸ ਨੂੰ ਸਹੀ ਤਰੀਕਾ ਨਾਲ ਅਮਰੀਕਾ ਭੇਜਣ ਦੀ ਗੱਲ ਆਖੀ ਗਈ ਸੀ ਅਤੇ ਉਸ ਤੋਂ 30 ਲੱਖ ਦੇ ਕਰੀਬ ਪੈਸੇ ਵੀ ਲਏ ਸਨ। ਏਜੰਟ ਨੇ ਪੂਰੇ ਪੈਸੇ ਲੈਣ ਦੇ ਬਾਵਜੂਦ ਉਸ ਨੂੰ ਡੰਕੀ ਰਾਹੀਂ ਅਮਰੀਕਾ ਭੇਜਿਆ, ਜਿਸ ਕਾਰਨ ਉਸ ਨੂੰ ਡਿਪੋਰਟ ਕਰ ਦਿੱਤਾ ਹੈ।"
ਜਸਪਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਪਹਿਲਾ ਭਾਰਤ ਤੋਂ ਯੂਰਪ ਭੇਜਿਆ ਗਿਆ ਅਤੇ ਉਥੋਂ ਉਸ ਨੂੰ ਜੰਗਲ ਦੇ ਰਸਤੇ ਬ੍ਰਾਜ਼ੀਲ ਰਾਹੀਂ ਅਮਰੀਕਾ ਭੇਜਿਆ ਸੀ। ਜਦੋਂ ਉਹ ਅਮਰੀਕਾ ਦੀ ਸਰਹੱਦ ਪਾਰ ਕਰ ਰਿਹਾ ਸੀ ਤਾਂ ਅਮਰੀਕੀ ਫੌਜ਼ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ 11 ਦਿਨ ਆਪਣੇ ਕੋਲ ਰੱਖਣ ਤੋਂ ਬਾਅਦ ਹੁਣ ਭਾਰਤ ਭੇਜ ਦਿੱਤਾ। ਉਸ ਨਾਲ ਏਜੰਟ ਨੇ ਠੱਗੀ ਮਾਰੀ ਹੈ
ਅਮਰੀਕਾ ਭੇਜਣ ਦੇ ਲਈ 50 ਲੱਖ ਰੁਪਏ ਕੀਤਾ ਸੀ ਖਰਚਾ
ਡਿਪੋਰਟ ਪੰਜਾਬੀਆਂ ਵਿੱਚ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਕਾਹਨਪੁਰ ਦਾ ਵਸਨੀਕ ਜਸਵਿੰਦਰ ਸਿੰਘ ਵੀ ਮੌਜੂਦ ਹੈ। ਜਸਵਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ 15 ਜਨਵਰੀ ਨੂੰ ਉਨ੍ਹਾਂ ਦਾ ਪੁੱਤਰ ਅਮਰੀਕਾ ਪਹੁੰਚ ਗਿਆ ਸੀ, ਜਿਸ ਨੂੰ ਭੇਜਣ ਦੇ ਲਈ ਉਨ੍ਹਾਂ ਦਾ 50 ਲੱਖ ਰੁਪਏ ਖਰਚਾ ਆ ਗਿਆ। ਉਨ੍ਹਾਂ ਨੇ 50 ਲੱਖ ਰੁਪਏ ਵਿਆਜ 'ਤੇ ਲਏ ਹਨ। ਪੁੱਤਰ ਦੇ ਵਾਪਸ ਆਉਣ ਨਾਲ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਦਰਦ
ਡਿਪੋਰਟ ਕੀਤੇ ਗਏ ਨੌਜਵਾਨਾਂ ਵਿੱਚ ਕਪੂਰਥਲਾ ਦੇ ਪਿੰਡ ਤਰਫ਼ ਬਹਿਬਲ ਬਹਾਦਰ ਦਾ ਵਸਨੀਕ ਗੁਰਪ੍ਰੀਤ ਸਿੰਘ ਵੀ ਸ਼ਾਮਿਲ ਹੈ। ਗੁਰਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਜਦੋਂ ਡਿਪੋਰਟ ਕਰਨ ਦੀ ਖ਼ਬਰ ਮਿਲੀ ਤਾਂ ਉਹ ਭਾਵੁਕ ਹੋ ਗਏ। ਪਰਿਵਾਰ ਨੇ ਕਰਜ਼ੇ ਦੀ ਪੰਡ ਚੁੱਕ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਅਤੇ ਬਹੁਤ ਸਾਰੇ ਸੁਪਨੇ ਦੇਖੇ ਸਨ ਕਿ ਸ਼ਾਇਦ ਉਹ ਘਰ ਦੇ ਹਾਲਾਤ ਸੁਧਾਰੇਗਾ ਪਰ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੁਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ "45 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ। ਕਰੀਬ 20 ਦਿਨ ਪਹਿਲਾਂ ਉਸ ਦੀ ਆਪਣੇ ਪੁੱਤਰ ਨਾਲ ਫੋਨ ਉੱਤੇ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਗੁਰਪ੍ਰੀਤ ਸਿੰਘ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਪਰਿਵਾਰ ਨੇ ਕਿਹਾ ਕਿ ਅਸੀਂ ਤਾਂ ਪਹਿਲਾ ਹੀ ਕਰਜੇ ਦੇ ਭਾਰ ਹੇਠ ਹਾਂ ਅਤੇ ਹੁਣ ਉਨ੍ਹਾਂ ਸਿਰ ਹੋਰ ਕਰਜ਼ਾ ਹੋ ਜਾਵੇਗਾ। ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ ਅਤੇ ਨੌਕਰੀ ਦੀ ਮੰਗ ਕੀਤੀ ਹੈ।"
ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਸਭ ਤੋਂ ਵੱਧ ਲੋਕ
ਡਿਪੋਰਟ ਕੀਤੇ ਗਏ 104 ਭਾਰਤੀਆਂ 'ਚ ਹਰਿਆਣਾ ਅਤੇ ਗੁਜਰਾਤ ਤੋਂ 33-33, ਪੰਜਾਬ ਦੇ 30, ਮਹਾਰਾਸ਼ਟਰ ਦੇ 3, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ 2-2 ਭਾਰਤੀ ਸ਼ਾਮਿਲ ਹਨ।