ਲੁਧਿਆਣਾ: ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ ਦੇ ਵਕੀਲ ਨੇ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਪ੍ਰਸ਼ਾਸਨ ਉਪਰ ਰੁਪਏ ਲੈ ਕੇ ਜੇਲ੍ਹ ਵਿੱਚ ਹਵਾਲਾਤੀਆਂ ਤੇ ਕੈਦੀਆਂ ਨੂੰ ਸਹੂਲਤਾਂ ਮੁਹਈਆ ਕਰਵਾਏ ਜਾਣ ਦੇ ਦੋਸ਼ ਲਾਏ ਹਨ। ਇਥੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਗੈਂਗਸਟਰ ਗੋਰੂ ਬੱਚਾ ਦੇ ਵਕੀਲ ਜਗਤਾਰ ਸਿੰਘ ਨੇ ਦੋਸ਼ ਲਾਏ ਕਿ ਜੇਲ੍ਹ ਪ੍ਰਸ਼ਾਸਨਿਕ ਅਧਿਕਾਰੀ ਪੈਸੇ ਨਾਲ ਸਭ ਕੁੱਝ ਅੰਦਰ ਪਹੁੰਚਾ ਰਹੇ ਹਨ, ਮੁਲਾਕਾਤਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਭ ਵੱਡੇ ਅਧਿਕਾਰੀਆਂ ਦੇ ਨਾਂਅ 'ਤੇ ਰਕਮ ਵਸੂਲੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਗੌਰਵ ਸ਼ਰਮਾ ਉਰਫ਼ ਗੋਰੂ ਉਨ੍ਹਾਂ ਦਾ ਕਲਾਈਂਟ ਹੈ, ਜੋ ਕਿ ਮੁਕਤਸਰ ਜੇਲ੍ਹ ਵਿੱਚ ਬੰਦ ਹੈ ਪਰ ਉਨ੍ਹਾਂ ਨੂੰ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਜਾਂਦੀ। ਉਲਟਾ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਨਾਜਾਇਜ਼ ਤੌਰ 'ਤੇ ਚੱਕੀਆਂ ਵਿੱਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਕੋਈ ਜੇਲ੍ਹ ਵਿੱਚ ਨਹੀਂ ਬਣਾਈ ਗਈ ਹੈ ਅਤੇ ਜੇਕਰ ਕਿਸੇ ਕੈਦੀ ਜਾਂ ਹਵਾਲਾਤੀ ਨੂੰ ਕੋਰੋਨਾ ਹੁੰਦਾ ਹੈ ਤਾਂ ਦੂਜੇ ਕੈਦੀਆਂ ਵਿੱਚ ਹੀ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੌਰੂ ਬੱਚਾ 'ਤੇ ਪਟਿਆਲਾ ਜੇਲ੍ਹ ਵਿੱਚ ਇੱਕ ਕੇਸ ਪਾਇਆ ਗਿਆ ਸੀ, ਜੋ ਕਿ ਝੂਠਾ ਹੈ। ਕੇਸ ਵਿੱਚ ਜੇਲ੍ਹ ਅਧਿਕਾਰੀ ਗੁਰਚਰਨ ਸਿੰਘ ਧਾਲੀਵਾਲ ਦਾ ਨਾਂਅ ਆ ਗਿਆ ਸੀ, ਜਿਸ ਦੀ ਰੰਜਿਸ਼ ਨੂੰ ਲੈ ਕੇ ਉਕਤ ਅਧਿਕਾਰੀ ਵੱਲੋਂ ਉਸਦੇ ਕਲਾਈਂਟ ਨੂੰ ਨਾਜਾਇਜ਼ ਤੌਰ 'ਤੇ ਜੇਲ੍ਹ ਵਿੱਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਗੋਰੂ ਬੱਚਾ ਨਾਲ ਮੁਲਾਕਾਤ ਕਰਨ ਗਏ ਤਾਂ ਕੋਰੋਨਾ ਦਾ ਬਹਾਨਾ ਲਾ ਕੇ ਮਿਲਣ ਨਹੀਂ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਕਾਨਫ਼ਰੰਸ ਰਾਹੀਂ ਮੁਲਾਕਾਤ ਕੀਤੀ, ਜਦਕਿ ਉਸੇ ਦਿਨ ਕਿਸੇ ਹੋਰ ਦੀ ਜੇਲ੍ਹ ਵਿੱਚ ਮੁਲਾਕਾਤ ਹੋਈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਕੋਰੋਨਾ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਨਹੀਂ ਮਿਲਣ ਦੇ ਰਿਹਾ ਤਾਂ ਫਿਰ ਇਹ ਮੁਲਾਕਾਤ ਕਿਵੇਂ ਹੋ ਗਈ।
ਇਸਦੇ ਨਾਲ ਹੀ ਵਕੀਲ ਕੰਵਲਜੀਤ ਕੌਰ ਨੇ ਕਿਹਾ ਕਿ ਜੇਕਰ ਉਹ ਆਪਣੇ ਕਲਾਈਂਟ ਨੂੰ ਮਿਲ ਨਹੀਂ ਸਕਣਗੇ ਤਾਂ ਕੇਸ ਬਾਰੇ ਕਿਵੇਂ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤਾਂ ਕਲਾਈਂਟ ਦੀ ਸਾਰੀ ਜਾਣਕਾਰੀ ਲੀਕ ਹੁੰਦੀ ਹੈ, ਜੋ ਕਿ ਨਿੱਜਤਾ ਸਭ ਦਾ ਹੱਕ ਹੈ।
ਦੋਵੇਂ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਏਡੀਜੀਪੀ ਜੇਲ੍ਹ ਨੂੰ ਭੇਜੀ ਹੈ। ਜੇਕਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਦਰਖ਼ਾਸਤ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਵੀ ਉਹ ਹਾਈਕੋਰਟ ਦਾ ਰੁਖ ਕਰਨਗੇ।