ਜਲੰਧਰ: ਕਰਤਾਰਪੁਰ ਰੇਲਵੇ ਸਟੇਸ਼ਨ ‘ਤੇ ਖੜ੍ਹੀ ਸਰਯੂ ਯਮੁਨਾ ਐਕਸਪ੍ਰੈਸ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਅੱਗ ਰਾਤ 10 ਵਜੇ ਦੇ ਕਰੀਬ ਲੱਗੀ ਜਦੋਂ ਰੇਲ ਗੱਡੀ ਕਰਤਾਰਪੁਰ ਰੇਲਵੇ ਸਟੇਸ਼ਨ 'ਤੇ ਖੜੀ ਸੀ। ਇਸ ਘਟਨਾ ਵਿੱਚ ਪਹਿਲਾਂ ਇੱਕ ਬੋਗੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਅੱਗ ਵੱਧਦੀ ਹੋਈ ਤਿੰਨ ਬੋਗੀਆਂ ਤੱਕ ਪਹੁੰਚ ਗਈ। ਇਸ ਤੋਂ ਬਾਅਦ ਰੇਲਵੇ ਅਧਿਕਾਰੀਆਂ ਅਤੇ ਸਥਾਨਕ ਪੁਲਿਸ ਨੇ ਮਿਲ ਕੇ ਰੇਲ ਦੀਆਂ ਬੋਗੀਆਂ ਨੂੰ ਬਾਕੀ ਦੀ ਟ੍ਰੇਨ ਤੋਂ ਵੱਖ ਕਰ ਦਿੱਤਾ।
ਥਾਣਾ ਕਰਤਾਰਪੁਰ ਦੇ ਐਸਐਚਓ ਪੁਸ਼ਪ ਬਾਲੀ ਮੁਤਾਬਕ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਰਾਤ ਕਰੀਬ 10:05 ਵਜੇ ਮਿਲੀ ਸੀ, ਜਿਸ ਤੋਂ ਉਨ੍ਹਾਂ ਨੇ ਸਟੇਸ਼ਨ ਪਹੁੰਚ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ।
ਦੱਸਣਯੋਗ ਹੈ ਕਿ ਅੱਗ ਲੱਗਣ ਤੋਂ ਬਾਅਦ ਸਫ਼ਰ ਕਰ ਰਹੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਤੇ ਦਮਕਲ ਵਿਭਾਗ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਇਸ ਘਟਨਾ ਵਿੱਚ ਕਿਸੇ ਕਿਸਮ ਦਾ ਕੋਈ ਵੱਡਾ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ।