ਸ੍ਰੀ ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਮਾਰਗ ਸਥਿਤ ਬਾਈਪਾਸ ਨੇੜੇ ਮੈਡੀਕਲ ਵੇਸਟ ਸੜਕ ਕਿਨਾਰੇ ਡੰਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਰਾਤ ਵੇਲੇ ਇਕ ਐਂਬੂਲੈਂਸ 'ਚ ਸਵਾਰ ਵਿਅਕਤੀ ਬਾਈਪਾਸ ਨੇੜੇ ਸਥਿਤ ਬਰਸਾਤੀ ਪਾਣੀ ਦੀ ਪੁਲੀ ਕੋਲ ਮੈਡੀਕਲ ਵੇਸਟ ਸੁੱਟ ਰਹੇ ਹਨ, ਜਿਨ੍ਹਾਂ ਦੀ ਵੀਡੀਓ ਵੀ ਬਣਾਈ ਗਈ ਹੈ, ਜੋ ਕਿ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ ਸੌਂਪ ਦਿੱਤੀ ਗਈ ਹੈ।
ਅਣਗਹਿਲੀ ਕਰਨ ਵਾਲੇ ਅਦਾਰੇ ਜਾਂ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ : ਵਿਧਾਇਕ ਰੁਪਿੰਦਰ ਹੈਪੀ ਨੇ ਕਿਹਾ ਕਿ ਹਸਪਤਾਲਾਂ ਦੇ ਡਾਕਟਰ ਅਤੇ ਮੈਡੀਕਲ ਸਟਾਫ ਇਹ ਭਲੀ ਭਾਂਤੀ ਜਾਣਦੇ ਹੁੰਦੇ ਹਨ ਕਿ ਮੈਡੀਕਲ ਵੇਸਟ ਮਨੁੱਖਾਂ ਤੋਂ ਇਲਾਵਾ ਜੀਵ ਜੰਤੂਆਂ ਅਤੇ ਪਸ਼ੂਆਂ ਲਈ ਕਿੰਨਾ ਘਾਤਕ ਸਾਬਤ ਹੋ ਸਕਦਾ ਹੈ। ਇਸ ਲਈ ਅਣਗਹਿਲੀ ਕਰਨ ਵਾਲੇ ਅਦਾਰੇ ਜਾਂ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਵਿਧਾਇਕ ਹੈਪੀ ਨੇ ਕਿਹਾ ਕਿ ਮੈਡੀਕਲ ਵੇਸਟ ਪਦਾਰਥਾਂ ਦੇ ਨਾਲ ਪਸ਼ੂ ਪੰਛੀਆਂ ਦਾ ਜਿਥੇ ਵਧੇਰੇ ਨੁਕਸਾਨ ਹੋ ਸਕਦਾ ਹੈ ਉਥੇ ਲੋਕਾਂ ਦੇ ਖਤਰੇ ਵਾਲੀ ਗੱਲ ਹੈ। ਇਸ ਲਈ ਕਿਸੇ ਨੂੰ ਅਜਿਹਾ ਨਹੀਂ ਕਰਨਾ।
ਐਂਬੂਲੈਂਸ ਚਾਲਕ ਵਿਰੁੱਧ ਮਾਮਲਾ ਦਰਜ, ਤਫਤੀਸ਼ ਜਾਰੀ : ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਹੀ ਇਸ ਬਾਰੇ ਕਿਸੇ ਵਿਅਕਤੀ ਵੱਲੋਂ ਸੂਚਨਾ ਮਿਲੀ ਸੀ, ਜਿਸ 'ਤੇ ਇਹ ਕਾਰਵਾਈ ਕੀਤੀ ਗਈ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਲ੍ਹੇ ਦੇ ਸਿਵਲ ਸਰਜਨ ਵਲੋਂ ਮੈਡੀਕਲ ਵੇਸਟ ਦੀ ਜਾਂਚ ਕਰਨ ਦੇ ਲਈ ਆਧਿਕਾਰੀਆਂ ਨੂੰ ਭੇਜ ਰਹੇ ਹਨ। ਉੱਥੇ ਹੀ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਐਮਬੂਲੈਂਸ ਸਰਕਾਰੀ ਹੈ ਜਾਂ ਪ੍ਰਾਈਵੇਟ ਵੀਡੀਓ ਦੇ ਵਿੱਚ ਇਸ ਦਾ ਨੰਬਰ ਜ਼ਰੂਰ ਆ ਗਿਆ ਹੈ, ਜਿਸ ਦੀ ਜਾਂਚ ਪੁਲਿਸ ਅਧਿਕਾਰੀ ਕਰਨਗੇ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਵਿੱਚ ਕਿਸੇ ਨੂੰ ਵੀ ਅਜਿਹੀ ਹਰਕਤ ਨਹੀਂ ਕਰਨ ਦਿੱਤੀ ਜਾਵੇਗੀ, ਜਿਸ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋਵੇ। ਉਥੇ ਹੀ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਐਂਬੂਲੈਂਸ ਦੇ ਚਾਲਕ ਵਿਰੁੱਧ ਮੁਕੱਦਮਾ ਕਰਦੇ ਹੋਏ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।