ਚੰਡੀਗੜ੍ਹ: ਜਲੰਧਰ ਜ਼ਿਮਨੀ ਚੋਣ ਦੀਆਂ ਤਰੀਕਾਂ ਦਾ ਐਲਾਨ ਅਜੇ ਹੋਇਆ ਨਹੀਂ ਹੈ, ਇਸ ਤੋਂ ਪਹਿਲਾਂ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਜਲੰਧਰ ਵਿਚ ਡੇਰੇ ਲਗਾ ਲਏ ਹਨ। ਸੱਤਾ ਧਿਰ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਸਣੇ ਜਲੰਧਰ ਵਿਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਕਾਂਗਰਸ ਪਾਰਟੀ ਨੇ ਤਾਂ ਇਥੋਂ ਆਪਣੇ ਉਮੀਦਵਾਰ ਦਾ ਐਲਾਨ ਵੀ ਕਰ ਦਿੱਤਾ ਹੈ। ਉਥੇ ਹੀ ਪੰਜਾਬ ਵਿਚ ਸੱਤਾ ਹਾਸਲ ਕਰਨ ਦੇ ਸੁਪਨੇ ਲੈਣ ਵਾਲੀ ਭਾਜਪਾ ਨੇ ਜ਼ਿਮਨੀ ਚੋਣ ਅਖਾੜਾ ਮੱਲ੍ਹਣ ਦੀ ਤਿਆਰੀ ਕਰ ਲਈ ਹੈ।
ਦੋ ਦਿਨਾਂ ਦਾ ਦੌਰਾ : ਇਸੇ ਨੂੰ ਮੁੱਖ ਰੱਖਦਿਆਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਵਿਜੇ ਰੁਪਾਣੀ ਪੰਜਾਬ ਵਿੱਚ ਆਪਣੇ ਦੋ ਦਿਨਾ ਦੌਰੇ ਤਹਿਤ 28 ਮਾਰਚ 2023 ਨੂੰ ਪੰਜਾਬ ਪਹੁੰਚਣਗੇ। ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਵਿਜੇ ਰੂਪਾਨੀ ਆਪਣੇ ਦੋ ਦਿਨਾ ਪੰਜਾਬ ਦੌਰੇ ਦੇ ਪਹਿਲੇ ਦਿਨ ਜਲੰਧਰ ਆਉਣਗੇ, ਜਿੱਥੇ ਉਹ ਜਲੰਧਰ ਵਿਖੇ ਹੋਣ ਵਾਲੀ ਲੋਕ ਸਭਾ ਉਪ ਚੋਣਾਂ ਦੀਆਂ ਤਿਆਰੀਆਂ ਬਾਰੇ ਅਤੇ ਹੋਰਨਾਂ ਪ੍ਰਬੰਧਾਂ ਸਬੰਧੀ ਭਾਜਪਾ ਆਗੂਆਂ ਨਾਲ ਵੱਖ-ਵੱਖ ਜਥੇਬੰਦਕ ਮੀਟਿੰਗਾਂ ਕਰ ਵਿਚਾਰ ਵਟਾਂਦਰਾ ਕਰਨਗੇ। ਜੀਵਨ ਗੁਪਤਾ ਨੇ ਦੱਸਿਆ ਕਿ ਵਿਜੇ ਰੂਪਾਨੀ 29 ਮਾਰਚ 2023 ਨੂੰ ਭਾਜਪਾ ਦੇ ਮੁੱਖ ਦਫ਼ਤਰ ਸੈਕਟਰ 37-ਏ ਚੰਡੀਗੜ੍ਹ ਵਿਖੇ ਪਹੁੰਚਣਗੇ, ਜਿੱਥੇ ਉਹ ਸੂਬਾ ਕੋਰ ਗਰੁੱਪ ਅਤੇ ਸੂਬਾ ਅਹੁਦੇਦਾਰਾਂ ਨਾਲ ਵੱਖ-ਵੱਖ ਜਥੇਬੰਦਕ ਮੀਟਿੰਗਾਂ ਕਰਨਗੇ।
ਜਲੰਧਰ ਲੋਕ ਸਭਾ ਹਲਕੇ ਦੇ ਸਮੀਕਰਣ : ਜਲੰਧਰ ਲੋਕ ਸਭਾ ਹਲਕਾ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਮੌਤ ਮਗਰੋਂ ਖਾਲੀ ਹੋਇਆ ਹੈ। 2014 ਅਤੇ 2019 ਲਗਾਤਾਰ ਦੋ ਵਾਰ ਇਸ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਹਨ। 1952 ਤੋਂ ਲੈ ਕੇ ਹੁਣ ਤੱਕ ਜ਼ਿਆਦਤਰ ਜਲੰਧਰ ਲੋਕ ਸਭਾ ਹਲਕੇ ਵਿਚ ਕਾਂਗਰਸ ਦੀ ਪਕੜ ਮਜ਼ਬੂਤ ਰਹੀ। ਚੌਧਰੀ ਸੰਤੋਖ ਸਿੰਘ ਦਾ ਵੀ ਜਲੰਧਰ ਵਿਚ ਚੰਗਾ ਆਧਾਰ ਰਿਹਾ ਹੈ। ਇਸੇ ਲਈ ਕਾਂਗਰਸ ਨੇ ਚੌਧਰੀ ਪਰਿਵਾਰ ਦਾ ਮੈਂਬਰ ਹੀ ਮੁੜ ਤੋਂ ਜ਼ਿਮਨੀ ਚੋਣ ਮੈਦਾਨ ਵਿਚ ਉਤਾਰਿਆ ਹੈ।
ਇਹ ਵੀ ਪੜ੍ਹੋ : New Agricultural Policy: 31 ਮਾਰਚ ਤੱਕ ਬਣ ਕੇ ਤਿਆਰ ਹੋਵੇਗੀ ਸੂਬੇ ਦੀ ਨਵੀਂ ਖੇਤੀ ਨੀਤੀ, ਇਸ ਰਿਪੋਰਟ 'ਚ ਪੜ੍ਹੋ ਕੀ ਹੈ ਨਵੀਂ ਨੀਤੀ ਵਿੱਚ ਖਾਸ
ਜ਼ਿਮਨੀ ਚੋਣ ਜਿੱਤਣ ਲਈ ਲੱਗਿਆ ਜ਼ੋਰ : ਜ਼ਿਮਨੀ ਚੋਣ ਜਿੱਤ ਕੇ ਬੇਸ਼ੱਕ ਕੋਈ ਉਮੀਦਵਾਰ 1 ਸਾਲ ਤੋਂ ਵੀ ਘੱਟ ਸਮੇਂ ਲਈ ਮੈਂਬਰ ਪਾਰਲੀਮੈਂਟ ਰਹੇਗਾ। ਪਰ ਸਾਰੀਆਂ ਪਾਰਟੀਆਂ ਨੇ ਇਸ ਸੀਟ ਤੋਂ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਕਾਂਗਰਸ, ਭਾਜਪਾ ਨੇ ਤਾਂ ਇਸ ਪੂਰੇ ਹਲਕੇ ਵਿਚ ਪ੍ਰਚਾਰ ਲਈ ਆਪਣੀਆਂ ਟੀਮਾਂ ਦਾ ਗਠਨ ਕਰ ਦਿੱਤਾ ਹੈ। ਸੱਤਾ ਧਿਰ ਆਮ ਆਦਮੀ ਪਾਰਟੀ ਨੇ ਤਾਂ ਮੁੱਖ ਮੰਤਰੀ ਸਮੇਤ ਜਲੰਧਰ ਵਿਚ ਇਕ ਤੋਂ ਬਾਅਦ ਇਕ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖਣ ਦਾ ਦੌਰ ਸ਼ੁਰੂ ਕਰ ਦਿੱਤਾ।