ਚੰਡੀਗੜ੍ਹ: ਆਮ ਬਜਟ 2023 ਦੇ ਪੇਸ਼ ਹੋਣ ਤੋਂ ਬਾਅਦ ਭਾਜਪਾ ਆਗੂ ਹਰਜੀਤ ਗਰੇਵਾਲ ਕੇਂਦਰ ਸਰਕਾਰ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕ ਰਹੇ। ਕੇਂਦਰੀ ਬਜਟ ਨੂੰ ਉਹਨਾਂ ਨੇ ਆਧੁਨਿਕ ਬਜਟ ਕਰਾਰ ਦਿੱਤਾ ਹੈ ਅਤੇ ਆਖਿਆ ਹੈ ਕਿ ਅਜਿਹਾ ਬਜਟ ਪਹਿਲੀ ਵਾਰ ਆਇਆ ਹੈ ਜਿਸ ਵਿੱਚ ਕਿਸਾਨਾਂ ਨੂੰ ਕੁਦਰਤੀ ਖੇਤੀ ਲਈ ਵਿਸ਼ੇਸ਼ ਰਾਹਤ ਦਿੱਤੀ ਗਈ। ਇੰਡਸਟਰੀ ਅਤੇ ਇਨਕਮ ਟੈਕਸ ਲਈ ਖਾਸ ਰਿਆਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਮੋਦੀ ਸਰਕਾਰ ਨੇ ਕੋਵਿਡ ਕਾਰਨ ਪ੍ਰਭਾਵਿਤ ਹੋਈ ਇੰਡਸਟਰੀ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਵਿਸ਼ੇਸ ਤਜਵੀਜ਼ਾਂ ਲਿਆਉਂਦੀਆਂ ਹਨ।
ਪੰਜਾਬ ਨੂੰ ਬਜਟ ਵਿਚ ਕੱਖ ਨਹੀਂ ਮਿਲਿਆ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਇਸ ਬਜਟ ਨੂੰ ਨਕਾਰ ਦਿੱਤਾ ਹੈ। ਉਹਨਾਂ ਆਖਿਆ ਕਿ ਪੰਜਾਬ ਨੂੰ ਇਸ ਬਜਟ ਵਿੱਚ ਕੁੱਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਮੀਦ ਜਤਾਈ ਜਾ ਰਹੀ ਸੀ ਕਿ ਬਾਕੀ ਸੂਬਿਆਂ ਵਾਂਗ ਪੰਜਾਬ ਦੇ ਸਰਹੱਦੀ ਖੇਤਰਾਂ ਅਤੇ ਪੰਜਾਬ ਦੇ ਉਦਯੋਗ ਨੂੰ ਕੇਂਦਰੀ ਬਜਟ ਵਿਚ ਰਾਹਤ ਮਿਲੇਗੀ, ਪਰ ਪੰਜਾਬ ਲਈ ਕੁੱਝ ਵੀ ਬਜਟ ਵਿੱਚੋਂ ਨਹੀਂ ਨਿਕਲਿਆ। ਚਰਨਜੀਤ ਬਰਾੜ ਨੇ ਅੱਗੇ ਕਿਹਾ ਕਿ ਕਿਸਾਨੀ ਦੀ ਆਮਦਨ ਦੁੱਗਣੀ ਕਰਨ ਦੀ ਗੱਲਾਂ ਅਸੀਂ ਲੰਮੇਂ ਸਮੇਂ ਤੋਂ ਸੁਣਦੇ ਆ ਰਹੇ ਹਾਂ ਪਰ ਅਜਿਹਾ ਹੋਇਆ ਕੁੱਝ ਨਹੀਂ। ਬਜਟ ਦੀਆਂ ਖਾਮੀਆਂ ਗਿਣਵਾਉਂਦੇ ਚਰਨਜੀਤ ਬਰਾੜ ਨੇ ਆਖਿਆ ਕਿ ਨੌਜਵਾਨਾਂ ਲਈ ਬਜਟ ਵਿੱਚ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਲੱਭਿਆ, ਮਹਿੰਗਾਈ ਨੂੰ ਕੰਟਰੋਲ ਕਰਨ ਦਾ ਕੋਈ ਮੰਤਰ ਨਹੀਂ ਦਿੱਤਾ ਗਿਆ। ਰਸੋਈ ਗੈਸ, ਪੈਟਰੋਲ ਡੀਜ਼ਲ, ਰਾਸ਼ਨ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ।
ਜ਼ਿੰਮੇਵਾਰੀ ਨਾਲ ਬੋਲਿਆ ਕੋਰਾ ਝੂਠ: ਉੱਧਰ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਬਜਟ ਦੌਰਾਨ ਖ਼ਜ਼ਾਨਾ ਮੰਤਰੀ ਵੱਲੋਂ ਦਿੱਤੇ ਗਏ ਉਸ ਬਿਆਨ ਨੂੰ ਕੋਰਾ ਝੂਠ ਦੱਸਿਆ ਜਿਸ ਵਿਚ ਉਹਨਾਂ ਆਖਿਆ ਸੀ ਕਿ 2014 ਤੋਂ ਬਾਅਦ ਕਿਸਾਨਾਂ ਦੀ ਆਮਦਨ ਦੁੱਗਣੀ ਹੋਈ। ਆਪਣੇ ਇੱਕ ਟਵੀਟ ਵਿਚ ਖਹਿਰਾ ਨੇ ਕੇਂਦਰੀ ਵਿੱਤ ਮੰਤਰੀ ਨੂੰ ਟੈਗ ਕਰਕੇ ਕਈ ਸਵਾਲ ਕੀਤੇ, ਜਿਸ ਵਿਚ ਮਹਿੰਗਾਈ ਦੀ ਲਗਾਤਾਰ ਵੱਧ ਰਹੀ ਦਰ, ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋਣ ਕਾਰਨ ਬਜਟ ਤੋਂ ਨਿਰਾਸ਼ਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ: Union Budget 2023: ਆਯੁਸ਼ਮਾਨ ਭਾਰਤ ਲਈ ਸਰਕਾਰ ਨੇ ਖੋਲ੍ਹਿਆ ਖਜ਼ਾਨਾ, ਖਰਚੇ ਜਾਣਗੇ 7200 ਕਰੋੜ