ਚੰਡੀਗੜ੍ਹ ਡੈਸਕ : ਲੰਡਨ ਦੇ ਇੱਕ ਹਸਪਤਾਲ ਵਿੱਚ ਸਿੱਖ ਮਰੀਜ਼ ਨਾਲ ਮਾੜਾ ਵਰਤਾਓ ਹੋਣ ਦੀਆਂ ਖਬਰਾਂ ਆਈਆਂ ਹਨ। ਜਾਣਕਾਰੀ ਮੁਤਾਬਿਕ ਇਸ ਖ਼ਬਰ ਤੋਂ ਬਾਅਦ ਸਿੱਖ ਸੰਗਤ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ। ਕਈ ਸਮਾਜਿਕ ਚਿੰਤਕ (Mistreatment of Sikh patients in Britain) ਇਸਨੂੰ ਨਸਲਵਾਦ ਨਾਲ ਜੋੜ ਕੇ ਵੀ ਦੇਖ ਰਹੇ ਹਨ। ਦੂਜੇ ਪਾਸੇ ਪਰਿਵਾਰ ਨੇ ਵੀ ਇਸ ਬਾਰੇ ਕਈ ਖੁਲਾਸੇ ਕੀਤੇ ਹਨ।
ਕੀ ਹੈ ਮਾਮਲਾ : ਜਾਣਕਾਰੀ ਮੁਤਾਬਿਕ ਬ੍ਰਿਟੇਨ ਵਿੱਚ ਇੱਕ ਹਸਪਤਾਲ ਦੀਆਂ ਨਰਸਾਂ ਉੱਤੇ ਇਲਜ਼ਾਮ ਲੱਗੇ ਹਨ ਕਿ ਉਨ੍ਹਾਂ ਨੇ ਇੱਕ ਸਿੱਖ ਮਰੀਜ਼ ਦੀ ਦਾਹੜੀ ਨੂੰ ਪਲਾਸਟਿਕ ਦੇ ਦਸਤਾਨਿਆਂ ਨਾਲ ਬੰਨ੍ਹ ਦਿੱਤਾ ਅਤੇ ਮਰੀਜ਼ ਨੂੰ ਗੰਦੀ ਪਿਸ਼ਾਬ ਵਾਲੀ ਥਾਂ ਹੀ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਉਸਨੂੰ ਖਾਣ ਲਈ ਉਹ ਚੀਜ਼ਾਂ ਦਿੱਤੀਆਂ ਹਨ ਜੋ ਧਾਰਮਿਕ ਨਜ਼ਰੀਏ ਤੋਂ ਪਰਵਾਨ ਨਹੀਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਯੂਕੇ ਦੇ ਸਿਖਰਲੇ ਨਰਸਿੰਗ ਵਾਚਡੌਗ ਦੇ ਇੱਕ ਸੀਨੀਅਰ ਮੁਖਬਰੀ ਕਰਨ ਵਾਲੇ ਵਿਅਕਤੀ ਨੇ ਇਸ ਘਟਨਾ ਦਾਅਵਾ ਕੀਤਾ ਹੈ।
ਜ਼ਮੀਨ ਉੱਤੇ ਮਿਲੀ ਪੱਗ : ਜਾਣਕਾਰੀ ਮੁਤਾਬਿਕ ਨਰਸਿੰਗ ਐਂਡ ਮਿਡਵਾਈਫਰੀ ਕੌਂਸਲ ਯਾਨੀ ਕਿ ਐੱਨਐੱਮਸੀ ਵੱਲੋਂ 'ਦ ਇੰਡੀਪੈਂਡੈਂਟ ਨੂੰ ਦਿੱਤੀ ਗਈ ਇਸ ਸਬੰਧੀ ਜਾਣਕਾਰੀ ਅਨੁਸਾਰ ਸਿੱਖ ਮਰੀਜ਼ ਨੇ ਆਪਣੇ ਨਾਲ ਵਿਤਰਕੇ ਦੀ ਸ਼ਿਕਾਇਤ ਕੀਤੀ ਸੀ ਪਰ ਫਿਰ ਵੀ ਨਰਸਾਂ ਨੂੰ ਕੰਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ। ਕੌਂਸਲ ਦੇ ਮੁਤਾਬਿਕ ਮਰੀਜ਼ ਦੇ ਪਰਿਵਾਰ ਨੂੰ ਉਸਦੀ ਪੱਗ ਵੀ ਜ਼ਮੀਨ ਉੱਤੇ ਡਿੱਗੀ ਮਿਲੀ ਹੈ। ਹਾਲਾਂਕਿ ਇਹ ਵੀ ਇਲਜ਼ਾਮ ਲੱਗੇ ਹਨ ਕਿ ਐੱਨਐੱਮਸੀ ਵੀ ਇਸ ਮਾਮਲੇ ਦੀ ਜਾਂਚ ਨੂੰ ਅੱਗੇ ਨਹੀਂ ਵਧਾ ਸਕਿਆ ਹੈ ਅਤੇ ਮਰੀਜ਼ ਨੇ ਜੋ ਸ਼ਿਕਾਇਤੀ ਨੋਟ ਭੇਜਿਆ ਹੈ, ਉਸਦਾ ਵੀ ਸਹੀ ਜਵਾਬ ਨਹੀਂ ਦਿੱਤਾ ਗਿਆ ਹੈ।
ਨਰਸਾਂ ਨੇ ਮਰੀਜ਼ ਰੱਖਿਆ ਭੁੱਖਾ : ਜ਼ਿਕਰਯੋਗ ਹੈ ਕਿ ਇਸ ਸਿੱਖ ਮਰੀਜ਼ ਦੀ ਜਾਨ ਚਲੀ ਗਈ ਹੈ। ਮਰੀਜ਼ ਦੇ ਪਰਿਵਾਰ ਵੱਲੋਂ ਦਿੱਤੇ ਨੋਟ ਮੁਤਾਬਿਕ ਨਰਸਾਂ ਨੇ ਉਸਨੂੰ ਭੁੱਖਾ ਰੱਖਿਆ, ਜਦੋਂ ਉਹ ਫੋਨ ਕਰਦਾ ਸੀ ਤਾਂ ਉਸਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਨਰਸਾਂ ਉੱਤੇ ਇਹ ਵੀ ਇਲਜ਼ਾਮ ਲੱਗੇ ਹਨ ਕਿ ਨਸਲੀ ਤਰੀਕੇ ਨਾਲ ਵਿਤਕਰਾ ਕਰਕੇ ਸਿੱਖ ਮਰੀਜ਼ ਦਾ ਮਜ਼ਾਕ ਉਡਾਇਆ ਗਿਆ ਹੈ।