ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ 29 ਸਾਲ ਪੁਰਾਣੇ ਕੇਸ ਵਿੱਚ ਮਾਮਲਾ ਦਰਜ ਹੋਇਆ ਹੈ, ਮਟੌਰ ਥਾਣੇ ਵਿੱਚ ਸੈਣੀ ਦੇ ਖ਼ਿਲਾਫ਼ 1991 ਵਿੱਚ ਬਲਵੰਤ ਸਿੰਘ ਮੁਲਤਾਨੀ ਨਾਂ ਦੇ ਸ਼ਖ਼ਸ ਦੀ ਕਿਡਨੈਪਿੰਗ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਹਾਲਾਂਕਿ ਮੁਲਤਾਨੀ ਦੀ ਕਿਡਨੈਪਿੰਗ ਦੇ ਮਾਮਲੇ ਵਿੱਚ ਬਲਵੰਤ ਸਿੰਘ ਦੇ ਭਰਾ ਦੀ ਪਟੀਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਸੀਬੀਆਈ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਸਨ, 2007 ਵਿੱਚ ਸੁਮੇਧ ਸੈਣੀ ਦੇ ਖ਼ਿਲਾਫ਼ ਜਾਂਚ ਸ਼ੁਰੂ ਵੀ ਹੋ ਗਈ ਸੀ ਪਰ ਸੁਪਰੀਮ ਕੋਰਟ ਨੇ ਇਸ 'ਤੇ ਰੋਕ ਲੱਗਾ ਦਿੱਤੀ ਸੀ।
ਇਸ ਮਾਮਲੇ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਨੇ ਸੀਨੀਅਰ ਵਕੀਲ ਆਰ ਐਸ ਬੈਂਸ ਨਾਲ ਖਾਸ ਗੱਲਬਾਤ ਕੀਤੀ। ਬੈਂਸ ਨੇ ਇਸ ਦੌਰਾਨ ਕਿਹਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਸਮੇਧ ਸੈਣੀ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਬਚਦਾ ਰਿਹਾ ਪਰ ਹੁਣ ਸਮਾਜ ਦੇ ਸਾਹਮਣੇ ਇਹ ਹਕੀਕਤ ਆ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸਬੂਤਾਂ ਦੀ ਨਿਸ਼ਾਨਦੇਹੀ ਅਤੇ ਜਿਨ੍ਹਾਂ ਗਵਾਹਾਂ ਦੇ ਸਾਹਮਣੇ ਟਾਰਚਰ ਕੀਤਾ ਗਿਆ ਸੀ, ਉਹ ਲੋਕ ਮੌਜੂਦ ਹਨ।
ਇਸ ਦੇ ਨਾਲ ਹੀ ਬੈਂਸ ਨੇ ਕਿਹਾ ਕਿ ਜੇ ਪੁਲਿਸ ਡੀਜੀਪੀ ਸਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਦੀ ਤਾਂ ਹੋਰ ਵੀ ਕਈ ਕੇਸਾਂ ਦੇ ਸਬੂਤ ਵੀ ਪੁਲਿਸ ਨੂੰ ਮਿਲ ਸਕਦੇ ਸਨ। ਉੱਥੇ ਹੀ ਆਰ ਐਸ ਬੈਂਸ ਨੇ ਪੰਜਾਬ ਪੁਲਿਸ ਅਤੇ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕਿਹੋ ਜਿਹੀ ਟੀਮ ਪੁਲਿਸ ਨੇ ਬਣਾਈ ਹੈ ਕਿ ਲੌਕਡਾਊਨ ਦੇ ਬਾਵਜੂਦ ਬਿਨਾਂ ਕਰਫਿਊ ਪਾਸ ਸੁਮੇਧ ਸੈਣੀ ਪੰਜਾਬ ਸਟੇਟ 'ਚੋਂ ਬਾਹਰ ਚਲਾ ਜਾਂਦਾ ਹੈ।
ਇਹ ਵੀ ਪੜੋ: ਮੁਲਤਾਨੀ ਕਿਡਨੈਪਿੰਗ ਕੇਸ 'ਚ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਮਾਮਲਾ ਦਰਜ
ਦੱਸ ਦੇਈਏ ਕਿ 29 ਸਾਲ ਪਹਿਲਾਂ ਸਾਬਕਾ ਡੀਜੀਪੀ ਅਤੇ ਉਸ ਵੇਲੇ ਚੰਡੀਗੜ੍ਹ ਦੇ ਤਤਕਾਲੀ ਐੱਸਐੱਸਪੀ ਸੁਮੇਧ ਸਿੰਘ ਸੈਣੀ 'ਤੇ ਦਹਿਸ਼ਤਗਰਦੀ ਹਮਲਾ ਹੋਇਆ ਸੀ, ਜਿਸ ਵਿੱਚ ਪੰਜਾਬ ਪੁਲਿਸ ਦੇ 4 ਜਵਾਨ ਮਾਰੇ ਗਏ ਸਨ, ਜਿਸ ਤੋਂ ਬਾਅਦ 2 ਅਫ਼ਸਰਾਂ ਵੱਲੋਂ ਬਲਵੰਤ ਸਿੰਘ ਮੁਲਤਾਨੀ ਨੂੰ 1991 ਵਿੱਚ ਚੁੱਕਿਆ ਗਿਆ ਸੀ। ਉਸ ਤੋਂ ਬਾਅਦ ਮੁਲਤਾਨੀ ਦਾ ਹੁਣ ਤੱਕ ਕੋਈ ਪਤਾ ਨਹੀਂ ਲੱਗਿਆ,ਹੁਣ ਤਕਰੀਬਨ ਤਿੰਨ ਦਹਾਕਿਆਂ ਦੇ ਬਾਅਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਿਲਾਫ਼ ਧਾਰਾ 364 ਕਤਲ ਦੇ ਲਈ ਅਗਵਾ ਕਰਨ, 201, 344, 330 ਅਤੇ 120 (B) ਦੇ ਤਹਿਤ ਮਾਮਲਾ ਦਰਜ ਕੀਤਾ ਹੈ।