ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਅੰਦਰ ਹੋਣ ਵਾਲੀ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ ਵੀ ਕਰ ਦਿੱਤਾ ਹੈ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਜਲੰਧਰ ਲੋਕ ਸਭਾ ਸੀਟ ਲਈ 10 ਮਈ, 2023 ਨੂੰ ਜ਼ਿਮਨੀ ਚੋਣ ਲਈ ਵੋਟਿੰਗ ਹੋਵੇਗੀ। ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਕਾਂਗਰਸ ਵੱਲੋਂ ਹੁਣ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
10 ਮਈ ਨੂੰ ਹੋਵੇਗੀ ਵੋਟਿੰਗ, 13 ਮਈ ਨੂੰ ਐਲਾਨੇ ਜਾਣਗੇ ਨਤੀਜੇ: ਭਾਰਤੀ ਚੋਣ ਕਮਿਸ਼ਨ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਖਾਲੀ ਲੋਕ ਸਭਾ ਸੀਟ ਲਈ 10 ਮਈ, 2023 ਨੂੰ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ 13 ਮਈ, 2023 ਨਤੀਜੇ ਐਲਾਨੇ ਜਾਣਗੇ। 20 ਅਪ੍ਰੈਲ ਜ਼ਿਮਨੀ ਚੋਣ ਲਈ ਉਮੀਦਵਾਰ ਵੱਲੋਂ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਹੋਵੇਗੀ।
ਕਾਂਗਰਸ ਨੇ ਸੰਤੋਖ ਚੌਧਰੀ ਦੀ ਪਤਨੀ ਨੂੰ ਦਿੱਤੀ ਟਿਕਟ: ਪੰਜਾਬ ਕਾਂਗਰਸ ਨੇ ਸੂਬੇ ਦੀਆਂ ਜ਼ਿਮਨੀ ਚੋਣਾਂ ਲਈ ਵੱਡਾ ਐਲਾਨ ਕਰਦਿਆ, ਕਾਂਗਰਸ ਨੇ ਦਿਵੰਗਤ ਕਾਂਗਰਸੀ ਸੀਨੀਅਰ ਆਗੂ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਰਮਜੀਤ ਕੌਰ ਜਲੰਧਰ ਸੀਟ ਤੋਂ ਜ਼ਿਮਨੀ ਚੋਣ ਲੜਨਗੇ।
ਭਾਰਤ ਜੋੜੋ ਯਾਤਰਾ ਦੌਰਾਨ ਹੋਇਆ ਸੀ ਦੇਹਾਂਤ: ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ। ਇਹ ਯਾਤਰਾ ਜਦੋਂ ਜਲੰਧਰ ਪਹੁੰਚੀ ਸੀ, ਤਾਂ ਉਸ ਸਮੇਂ ਦੇ ਮਰਹੂਮ ਸੰਤੋਖ ਸਿੰਘ ਚੌਧਰੀ ਜਲੰਧਰ ਤੋਂ ਐਮਪੀ ਸਨ, ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜਲੰਧਰ ਤੋਂ ਲੋਕ ਸਭਾ ਸੀਟ ਖਾਲੀ ਹੈ। ਮਰਹੂਮ ਸੰਤੋਖ ਸਿੰਘ ਚੌਧਰੀ ਕਾਂਗਰਸ ਦੇ ਸੀਨੀਅਰ ਆਗੂਆਂ ਚੋਂ ਇਕ ਸੀ। ਦੇਹਾਂਤ ਹੋਣ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਯਾਤਰਾ ਇਕ ਦਿਨ ਲਈ ਰੋਕ ਦਿੱਤੀ ਗਈ ਸੀ।
ਪੰਜਾਬ ਤੋਂ ਇਲਾਵਾਂ ਇਨ੍ਹਾਂ ਰਾਜਾਂ 'ਚ ਹੋਵੇਗੀ ਵੋਟਿੰਗ: ਦੱਸ ਦਈਏ ਕਿ ਭਾਰਤੀ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਇੱਕ ਸੰਸਦੀ ਹਲਕੇ ਅਤੇ ਚਾਰ ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਕਰਨਾਟਕ ਵਿਧਾਨਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੌਰਾਨ, ਮੁੱਖ ਚੋਣ ਕਮਿਸ਼ਨਰਰਾਜੀਵ ਕੁਮਾਰ ਨੇ ਜਲੰਧਰ ਸੰਸਦੀ ਹਲਕੇ ਅਤੇ ਚਾਰ ਵਿਧਾਨ ਸਭਾ- ਝਾਰਸੁਗੁੜਾ (ਓਡੀਸ਼ਾ), ਛਨਬੇ (ਯੂਪੀ), ਸੂਅਰ (ਯੂਪੀ), ਸੋਹਲੌਂਗ (ਮੇਘਾਲਿਆ) ਲਈ ਵੋਟਿੰਗ ਲਈ ਤਰੀਕਾਂ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: Karnataka Assembly Polls 2023: ਕਰਨਾਟਕ ਵਿਧਾਨ ਸਭਾ ਚੋਣਾਂ ਲਈ 10 ਮਈ ਨੂੰ ਹੋਵੇਗੀ ਵੋਟਿੰਗ, 13 ਮਈ ਨੂੰ ਹੋਵੇਗੀ ਵੋਟਾਂ ਦੀ ਗਿਣਤੀ