ਤਲਵੰਡੀ ਸਾਬੋ: ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਸ਼ਹਿਨਾਜ਼ ਮਿੱਤਲ ਨੇ ਪੀਸੀਐੱਸ ਪਾਸ ਕੀਤਾ ਹੈ, ਜਿਸ ਨੂੰ ਲੈ ਕੇ ਜਿੱਥੇ ਲੜਕੀ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਨਗਰ ਦੀਆਂ ਸਿਆਸੀ, ਸਮਾਜਿਕ ਜਥੇਬੰਦੀਆਂ ਵੱਲੋਂ ਵੀ ਲੜਕੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਕਿਉਂਕਿ ਸ਼ਹਿਨਾਜ਼ ਮਿੱਤਲ ਸ਼ਹਿਰ ਦੀ ਪਹਿਲੀ ਲੜਕੀ ਹੈ ਜੋ ਸਿਵਲ ਸਰਵਿਸਜ਼ ਲਈ ਚੁਣੀ ਗਈ ਹੈ।
ਸ਼ਹਿਨਾਜ਼ ਮਿੱਤਲ ਨੇ ਦੱਸਿਆ ਕਿ ਉਸ ਨੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਵਿੱਚ ਕੀਤੀ ਹੈ ਅਤੇ ਪੜ੍ਹਾਈ ਤੋਂ ਬਾਅਦ ਭਾਂਵੇ ਉਹ ਸਹਿਕਾਰਤਾ ਵਿਭਾਗ ਵਿੱਚ ਇੰਸਪੈਕਟਰ ਲੱਗ ਗਈ ਸੀ ਪਰ ਉਸ ਦਾ ਮਨ ਸਿਵਲ ਸਰਵਿਸ ਵਿੱਚ ਜਾਣ ਦਾ ਸੀ। ਇਸ ਲਈ ਉਸ ਨੇ ਦਿਨ ਰਾਤ ਮਿਹਨਤ ਕੀਤੀ ਤੇ ਹੁਣ ਉਹ ਪੀ.ਸੀ.ਐੱਸ ਚੁਣੀ ਗਈ ਹੈ। ਫਿਲਹਾਲ ਉਸ ਨੇ ਸਹਿਕਾਰਤਾ ਵਿਭਾਗ 'ਚ ਸਹਾਇਕ ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ ਹੈ ਅਤੇ ਅਜੇ ਅੰਡਰ ਟ੍ਰੇਨਿੰਗ ਹੈ।
ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਦੱਸਿਆ ਕਿ ਇੱਥੋਂ ਤੱਕ ਪਹੁੰਚਾਉਣ ਵਿੱਚ ਮਾਪਿਆਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਹੁਣ ਉਹ ਯੂ.ਪੀ.ਐੱਸ.ਸੀ ਦੀ ਪ੍ਰੀਖਿਆ ਵੀ ਦੇਵੇਗੀ। ਉੱਥੇ ਹੀ ਸ਼ਹਿਨਾਜ਼ ਨੇ ਕਿਹਾ ਕਿ ਉਹ ਪਿੰਡ ਲਈ ਸੇਵਾ ਕਰਨੀ ਚਾਹੁੰਦੀ ਹੈ, ਉਸ ਨੇ ਕਿਹਾ ਕਿ ਕਈ ਵਾਰ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ, ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਹੈ, ਜਿਸ ਕਰਕੇ ਉਹ ਉਨ੍ਹਾਂ ਲੋਕਾਂ ਲਈ ਸੇਵਾ ਕਰਨੀ ਚਾਹੁੰਦੀ ਹੈ।