ਬਰਨਾਲਾ: ਬਰਨਾਲਾ ਦੇ ਪਿੰਡ ਪੱਖੋਕੇ ਤੇ ਮੱਲੀਆਂ ਵਲੋਂ ਸੁਸਾਇਟੀ ਵਿੱਚ ਸੈਕਟਰੀ ਵਲੋਂ ਕੀਤੇ ਗਏ ਗਬਨ ਦੇ ਮਾਮਲੇ ਨੂੰ ਲੈ ਕੇ ਸਥਾਨਕ ਡੀਸੀ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਦੇ ਪੀੜਤ ਕਿਸਾਨਾਂ ਦੀ ਐਕਸ਼ਨ ਕਮੇਟੀ ਵਲੋਂ ਲਗਾਇਆ ਗਿਆ ਧਰਨਾ ਅੱਜ 12ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ। ਪਿਛਲੇ 12 ਦਿਨਾਂ ਤੋਂ ਪ੍ਰਸ਼ਾਸ਼ਨ ਅਤੇ ਸਰਕਾਰ ਵਲੋਂ ਕੋਈ ਸੁਣਵਾਈ ਨਾ ਹੋਣ ਕਾਰਨ ਧਰਨਾਕਾਰੀ ਰੋਸ ਵਿੱਚ ਹਨ ਅਤੇ ਸੰਘਰਸ਼ ਨੂੰ ਹੋਰ ਤੇਜ਼ ਅਤੇ ਤਿੱਖਾ ਕਰਨ ਦੀ ਤਿਆਰੀ ਵਿੱਚ ਹਨ। ਇਸਦੇ ਚੱਲਦਿਆਂ 29 ਅਗਸਤ ਦਿਨ ਮੰਗਲਵਾਰ ਨੂੰ ਕਿਸਾਨਾਂ ਵਲੋਂ ਸ਼ਹਿਰ ਅੰਦਰ ਰੋਸ ਮਾਰਚ ਕਰਦਿਆਂ ਸਥਾਨਕ ਫ਼ਰਵਾਹੀ ਬਾਜ਼ਾਰ `ਚ ਪੁੱਜ ਕੇ ਸਹਿਕਾਰਤਾ ਵਿਭਾਗ ਦੇ ਦਫ਼ਤਰ ਅੱਗੇ ਏਆਰ ਤੇ ਡੀਆਰ ਦਾ ਪੁਤਲਾ ਫੂਕ ਕੇ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰਨ ਦਾ ਫ਼ੈਸਲਾ ਕੀਤਾ ਹੈ।
ਪ੍ਰਸ਼ਾਸਨ ਉੱਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ : ਕਿਸਾਨ ਆਗੂ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ, ਸੁਖਦੇਵ ਸਿੰਘ ਭੋਤਨਾ ਬਲਾਕ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ ਚੀਮਾ ਅਤੇ ਗੁਰਚਰਨ ਸਿੰਘ ਭਦੌੜ ਆਦਿ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਪਿੰਡ ਪੱਖੋਕੇ ਤੇ ਮੱਲੀਆਂ ਦੀ ਸਾਂਝੀ ਕੋਅਪਰੇਟਿਵ ਸੁਸਾਇਟੀ ਵਿੱਚ ਸੈਕਟਰੀ ਵਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਗਬਨ ਦਾ ਸਾਹਮਣੇ ਆਇਆ ਹੋਇਆ ਹੈ ਪਰ ਇਸ ਗਬਨ ਮਾਮਲੇ ਦੀ ਜਾਂਚ ਨੂੰ ਲੈ ਕੇ ਸਰਕਾਰ ਤੇ ਪ੍ਰਸਾਸ਼ਨ ਵਲੋਂ ਬਹੁਤ ਠੰਡੀ ਕਾਰਵਾਈ ਕੀਤੀ ਜਾ ਰਹੀ ਹੈ। ਵਿਭਾਗ ਦੇ ਅਧਿਕਾਰੀਆ ਨੂੰ ਦੋਸ਼ੀ ਬਨਾਉਣ ਦੀ ਥਾਂ ਜਾਂਚ ਵਿੱਚ ਸਾਲ 2018 ਤੋਂ ਪਹਿਲਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਵੀ ਦੋਸ਼ ਕੱਢਿਆ ਜਾ ਰਿਹਾ ਹੈ ਤੇ 2019 ਤੋਂ ਬਾਅਦ ਵਾਲੀ ਪ੍ਰਬੰਧਕ ਕਮੇਟੀ ਦਾ ਵੀ ਦੋਸ਼ ਕੱਢਿਆ ਜਾ ਰਿਹਾ ਹੈ। ਪਰ 2018-19 ਦੌਰਾਨ ਸਭਾ ਵਿੱਚ ਲਗਭਗ ਇੱਕ ਸਾਲ ਤੱਕ ਪ੍ਰਸਾਸ਼ਕ ਲੱਗੇ ਅਧਿਕਾਰੀਆਂ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੋਟਾਂ ਵੇਲੇ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਾਟਚਾਰ ਮੁਕਤ ਕੀਤਾ ਜਾਵੇ ਪਰ ਸਰਕਾਰ ਵਲੋਂ ਦੋਸ਼ੀ ਪਾਏ ਗਏ ਭ੍ਰਿਸ਼ਟਾਚਾਰ ਅਧਿਕਾਰੀਆਂ ਦੇ ਖਿਲਾਫ਼ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਇਹ ਸਰਕਾਰ ਪੰਜਾਬ ਨੂੰ ਭ੍ਰਿਸ਼ਾਟਚਾਰ ਮੁਕਤ ਕਰਨ `ਚ ਫੇਲ੍ਹ ਸਾਬਿਤ ਹੋਈ ਹੈ। ਆਗੂਆਂ ਨੇ ਕਿਹਾ ਕਿ ਜਲਦ ਤੋਂ ਜਲਦ ਮਹਿਕਮਾਂ ਲੋਕਾਂ ਨੂੰ ਇਨਸਾਫ਼ ਦੇਵੇ ਅਤੇ ਮੈਂਬਰਾਂ ਦੀਆਂ ਅਟੈਚ ਜ਼ਮੀਨਾਂ ਤੁਰੰਤ ਬਹਾਲ ਕੀਤੀਆਂ ਜਾਣ।
- Khedan Watan Punjab: ਖੇਡਾਂ ਵਤਨ ਪੰਜਾਬ ਦੀਆਂ ਦੀ ਮਸ਼ਾਲ ਪਹੁੰਚੀ ਬਰਨਾਲਾ, ਮਸ਼ਾਲ ਮਾਰਚ ਦਾ ਸ਼ਾਨਦਾਰ ਸਵਾਗਤ
- Patient Died In Civil Hospital : ਲੁਧਿਆਣਾ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਲਾਪਰਵਾਹੀ ਨੇ ਲੈ ਲਈ ਮਰੀਜ਼ ਦੀ ਜਾਨ!, ਦੇਖੋ ਹਸਪਤਾਲ ਦੀ ਨਰਸ ਦੇ ਬੇਤੁਕੇ ਜਵਾਬ
- Funeral of Head Granthi Giani Jagtar Singh: ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਇਨ੍ਹਾਂ ਸਖਸ਼ੀਅਤਾਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
ਕੋਅਪਰੇਟਿਵ ਬੈਂਕ ਦੇ ਦੋਸੀ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਵੀ ਕਰਵਾਈ ਜਾਵੇ ਤੇ ਬੈਂਕ ਮੈਨੇਜਰ ਦੀ ਬਹਾਲੀ ਦੀ ਮੁੜ੍ਹ ਤੋਂ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਭਲਕੇ ਇਸ ਸੰਘਰਸ਼ ਦੀ ਕੜੀ ਤਹਿਤ ਬਰਨਾਲਾ ਸ਼ਹਿਰ ਵਿੱਚ ਸਰਕਾਰ, ਜਿਲ੍ਹਾ ਪ੍ਰਸ਼ਾ਼ਸਨ ਅਤੇ ਸਹਿਕਾਰਤਾ ਵਿਭਾਗ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜੇਕਰ ਸਰਕਾਰ ਅਤੇ ਪ੍ਰਸਾ਼ਸ਼ਨ ਅਜੇ ਵੀ ਨਾ ਜਾਗਿਆ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਹੋਰ ਤੇਜ਼ ਅਤੇ ਤਿੱਖਾ ਕਰਨ ਲਈ ਮਜਬੂਰ ਹੋਣਗੇ, ਜਿਸਦੀ ਜਿੰਮੇਵਾਰੀ ਸਰਕਾਰ ਤੇ ਪ੍ਰਸ਼ਾਸ਼ਨ ਦੀ ਹੋਵੇਗੀ।