ਬਰਨਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ 8 ਨਵੰਬਰ ਨੂੰ ਹੋਣ ਜਾ ਰਹੀ ਚੋਣ ਵਿੱਚ ਬਾਦਲ ਦਲ ਲਈ ਵੱਡੀ ਚੁਣੌਤੀ ਉਹਨਾਂ ਦੇ ਹੀ ਸਾਥੀ ਬਣੇ ਹਨ। ਖ਼ਾਸ ਕਰਕੇ ਇਸ ਵਾਰ ਇਹ ਚੁਣੌਤੀ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਮਾਲਵੇ ਵਿੱਚੋਂ ਦਿੱਤੀ ਗਈ ਹੈ। ਇਸ ਵਾਰ ਪ੍ਰਧਾਨਗੀ ਲਈ ਬਾਦਲ ਵਿਰੋਧੀ ਧਿਰ ਨੇ ਸੰਤ ਬਲਬੀਰ ਸਿੰਘ ਘੁੰਨਸ ਨੂੰ ਉਮੀਦਵਾਰ ਬਣਾਇਆ ਹੈ, ਜੋ ਅਕਾਲੀ ਦਲ ਦੇ ਹੀ ਐਸਜੀਪੀਸੀ ਮੈਂਬਰ ਰਹੇ ਹਨ।
ਬਾਦਲ ਦਲ ਨਾਲ ਸਿਆਸੀ ਸਫਰ : ਸੰਤ ਘੁੰਨਸ ਬਰਨਾਲਾ ਜ਼ਿਲ੍ਹੇ ਦੇ ਪਿੰਡ ਘੁੰਨਸ ਨਾਲ ਸਬੰਧਤ ਹਨ ਅਤੇ ਹਲਕਾ ਚੰਨਣਵਾਲ (ਰਿਜ਼ਰਵ) ਤੋਂ ਐਸਜੀਪੀਸੀ ਮੈਂਬਰ ਹਨ। ਸੰਤ ਘੁੰਨਸ ਦਾ ਸਿਆਸੀ ਸਫ਼ਰ ਵੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵਾਲੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਹੀ ਸ਼ੁਰੂ ਹੋਇਆ ਹੈ। ਉਹ ਲਗਾਤਾਰ ਅਕਾਲੀ ਦਲ ਵਲੋਂ ਭਦੌੜ ਹਲਕੇ ਤੋਂ ਤਿੰਨ ਵਾਰ ਤੇ ਇੱਕ ਦਫ਼ਾ ਦਿੜ੍ਹਬਾ ਹਲਕੇ ਤੋਂ ਵਿਧਾਇਕ ਰਹੇ, ਜਦਕਿ ਇੱਕ ਵਾਰ ਬਾਦਲ ਸਰਕਾਰ ਵਿੱਚ ਸੰਸਦੀ ਸਕੱਤਰ ਵੀ ਰਹੇ। ਪਿਛਲੇ ਕੁੱਝ ਸਾਲਾਂ ਦੌਰਾਨ ਸੰਤ ਘੁੰਨਸ ਨੂੰ ਐਸਜੀਪੀਸੀ ਪ੍ਰਧਾਨ ਬਨਾਉਣ ਦੀਆਂ ਚਰਚਾਵਾਂ ਤਾਂ ਚੱਲਦੀਆਂ ਰਹੀਆਂ, ਪਰ ਬਾਅਦ ਵਿੱਚ ਨਜ਼ਰ ਅੰਦਾਜ਼ ਕਰਨ ਤੋਂ ਉਹ ਪਾਰਟੀ ਨਾਲ ਨਾਰਾਜ਼ ਰਹੇ।
ਪਿਛਲੇ ਵਰ੍ਹੇ ਚੱਕਿਆ ਸੀ ਬਗਾਵਤ ਦਾ ਝੰਡਾ : ਪਿਛਲੇ ਵਰ੍ਹੇ ਐਸਜੀਪੀਸੀ ਪ੍ਰਧਾਨ ਦੀ ਚੋਣ ਮੌਕੇ ਉਹਨਾਂ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਨਾਲ ਮੀਡੀਆ ਸਾਹਮਣੇ ਆ ਕੇ ਬਾਦਲ ਪਰਿਵਾਰ ਮੋਰਚਾ ਖੋਲ੍ਹਦਿਆਂ ਬੀਬੀ ਜਗੀਰ ਕੌਰ ਦੀ ਹਮਾਇਤ ਕੀਤੀ ਸੀ। ਉਸ ਦੌਰਾਨ ਵੀ ਸੰਤ ਘੁੰਨਸ ਨੇ ਬਾਦਲ ਪਰਿਵਾਰ ਨੂੰ ਸਿੱਖ ਸੰਸਥਾਵਾਂ ਦੇ ਕਮਜ਼ੋਰ ਹੋਣ ਦਾ ਜ਼ਿੰਮੇਵਾਰ ਠਹਿਰਾਇਆ ਸੀ। ਬਰਨਾਲਾ ਜ਼ਿਲ੍ਹਾ ਪੂਰੇ ਮਾਲਵੇ ਦਾ ਕੇਂਦਰ ਬਿੰਦੂ ਹੈ ਅਤੇ ਇਸ ਕੇਂਦਰ ਬਿੰਦੂ ਤੋਂ ਅਕਾਲੀ ਦਲ ਬਾਦਲ ਵਿਰੁੱਧ ਦੋ ਐਸਜੀਪੀਸੀ ਮੈਂਬਰ ਬਾਗੀ ਹਨ, ਜਿਹਨਾਂ ਵਿੱਚੋਂ ਸੰਤ ਘੁੰਨਸ ਇਸ ਵਾਰ ਪ੍ਰਧਾਨਗੀ ਦੇ ਉਮੀਦਵਾਰ ਹਨ। ਜਿਸ ਕਰਕੇ ਆਪਣਾ ਸਿਆਸੀ ਵਜੂਦ ਬਚਾਉਣ ਵਿਚ ਲੱਗੇ ਅਕਾਲੀ ਦਲ ਬਾਦਲ ਲਈ ਇਹ ਇੱਕ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ।
- Gurdaspur News: ਦੀਵਾਲੀ ਮੌਕੇ ਵਿਦਿਆਰਥੀਆਂ ਨੂੰ ਅਜੀਬੋ-ਗਰੀਬ ਆਫਰ ਦੇ ਕੇ ਕਸੂਤੇ ਫਸੇ ਅਧਿਆਪਕ
- SGPC President Election Update: ਅਕਾਲੀ ਦਲ ਨੇ ਐਲਾਨਿਆ ਉਮੀਦਵਾਰ, ਐਡਵੋਕੇਟ ਧਾਮੀ ਮੁੜ ਬਣਨਗੇ SGPC ਪ੍ਰਧਾਨ!
- Industrials On Punjab Govt: ਪੰਜਾਬ ਸਰਕਾਰ ਦੇ ਇੱਕ ਹੋਰ ਐਲਾਨ 'ਤੇ ਬਵਾਲ, ਵੱਖ-ਵੱਖ ਉਦਯੋਗ ਨਾਲ ਜੁੜੇ ਪ੍ਰਤੀਨਿਧੀਆਂ ਨੂੰ ਕੈਬਨਿਟ ਰੈਂਕ ਦੇਣ 'ਤੇ ਉੱਠੇ ਸਵਾਲ- ਵੇਖੋ ਖਾਸ ਰਿਪੋਰਟ
ਇਸ ਸਬੰਧੀ ਸੰਤ ਬਲਬੀਰ ਸਿੰਘ ਘੁੰਨਸ ਦਾ ਕਹਿਣਾ ਹੈ ਉਹ ਅਕਾਲੀ ਦਲ ਦੇ ਉਲਟ ਨਹੀਂ ਹਨ, ਬਲਕਿ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਜਦਕਿ ਉਹਨਾਂ ਦੀ ਲੜਾਈ ਅਕਾਲੀ ਦਲ ਅਤੇ ਐਸਜੀਪੀਸੀ ਨੂੰ ਇੱਕ ਪਰਿਵਾਰ ਤੋਂ ਮੁਕਤ ਕਰਵਾਉਣ ਦੀ ਹੈ। ਉਹਨਾਂ ਸਮੂਹ ਐਸਜੀਪੀਸੀ ਮੈਂਬਰਾਂ ਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਪ੍ਰਧਾਨਗੀ ਦੀ ਚੋਣ ਮੌਕੇ ਵੋਟ ਦੇਣ ਦੀ ਅਪੀਲ ਕੀਤੀ।