ਅੰਮ੍ਰਿਤਸਰ: ਕੁੱਝ ਦਿਨਾਂ ਪਹਿਲਾਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਵੱਲੋਂ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵਿਰੁੱਧ ਮੋਰਚਾ ਖੋਲ੍ਹਿਆ ਗਿਆ ਜਿਸ ਨੂੰ ਲੈ ਕੇ ਈਟੀਵੀ ਬਾਰਤ ਦੀ ਟੀਮ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਘੁੰਮਣ ਨਾਲ ਗ਼ੱਲਬਾਤ ਕੀਤੀ ਹੈ। ਦੱਸਣਯੋਗ ਹੈ ਕਿ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਹਜ਼ੂਰੀ ਰਾਗੀਆਂ ਦੇ ਵਿਚਲਾ ਵਿਵਾਦ ਭਖਿਆ ਹੋਇਆ ਹੈ।
ਇਸੇ ਮਸਲੇ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਵੀਰ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਜੇਕਰ ਰਾਗੀ ਸਿੰਘਾਂ ਦਾ ਵਿਵਾਦ ਖੜ੍ਹਾ ਹੁੰਦਾ ਹੈ ਤਾਂ ਉਸ ਪਿੱਛੇ ਜਗਤਾਰ ਸਿੰਘ ਦੀ ਕੋਈ ਖਾਮੀਆਂ ਤਾਂ ਜ਼ਰੂਰ ਹੋਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਕਮਜ਼ੋਰੀ ਨੂੰ ਜੱਗ ਜ਼ਾਹਰ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਰਾਗੀ ਸਿੰਘਾਂ ਦਾ ਕੋਈ ਝਗੜਾ ਹੈ ਤਾਂ ਮਿਲ ਕੇ ਉਸ ਨੂੰ ਹਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਗਤਾਰ ਸਿੰਘ ਬਾਬਾ ਬੁੱਢਾ ਜੀ ਦੀ ਉੱਚੀ ਪਦਵੀ 'ਤੇ ਬੈਠੇ ਹਨ ਇਸ ਲਈ ਕੌਮ ਪ੍ਰਤੀ ਉਨ੍ਹਾਂ ਦੀਆਂ ਜਿੰਮੇਵਾਰੀਆਂ ਵੀ ਬਹੁਤ ਵੱਡੀਆਂ ਹਨ, ਉਨ੍ਹਾਂ ਜਗਤਾਰ ਸਿੰਘ ਨੂੰ ਭਰੋਸੇਯੋਗਤਾ ਵਧਾਉਣ ਲਈ ਚੰਗੇ ਕੰਮ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਜਗਤਾਰ ਸਿੰਘ ਨੂੰ ਭਾਈ ਸੱਤਾ ਅਤੇ ਭਾਈ ਬਲਵੰਡ ਵਾਂਗ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਰਿਸ਼ਤੇਦਾਰੀਆਂ ਨੂੰ ਪਿੱਛੇ ਛੱਡ ਜਗਤਾਰ ਸਿੰਘ ਨੂੰ ਇਸ ਤਰ੍ਹਾਂ ਦੀ ਸੇਵਾ ਨਿਭਾਉਣੀ ਚਾਹੀਦੀ ਹੈ ਜਿਸ ਨਾਲ ਇਮਾਨਦਾਰੀ ਦੀ ਝਲਕ ਲੋਕਾਂ 'ਤੇ ਪਵੇ।
ਬੀਤੇ ਕੁੱਝ ਦਿਨਾਂ 'ਚ ਜੱਥੇਬੰਦੀਆਂ ਵੱਲੋਂ ਅੰਮ੍ਰਿਤ ਛਕਾਉਣ ਵੇਲੇ ਜਾਤੀ ਭੇਦਭਾਵ ਦੇ ਸਵਾਲ 'ਤੇ ਜਸਵੀਰ ਸਿੰਘ ਘੁੰਮਣ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਉਣ ਵੇਲੇ ਕਿਸੇ ਤਰ੍ਹਾਂ ਜਾਤੀ ਭੇਦਭਾਵ ਨਹੀਂ ਸੀ ਦੇਖਿਆ। ਉਨ੍ਹਾਂ ਕਿਹਾ ਕਿ ਜੇ ਕੋਈ ਸੰਸਥਾ ਜਾਂ ਡੇਰਾ ਅੰਮ੍ਰਿਤ ਛਕਾਉਣ ਵੇਲੇ ਜਾਤੀ ਭੇਦਭਾਵ ਕਰਦਾ ਹੈ ਤਾਂ ਇਹ ਨਿੰਦਣਯੋਗ ਹੈ। ਅਤੇ ਜੇਕਰ ਕੋਈ ਅਜਿਹੀ ਸ਼ਿਕਾਇਤ ਦਰਜ ਹੋਈ ਵੀ ਹੈ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਲੋਕਾਂ ਨੂੰ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਹਜ਼ੂਰੀ ਰਾਗੀਆਂ ਨੇ ਇਸ ਮਾਮਲੇ ਸਬੰਧੀ ਆਪਣੀ ਫਰਿਆਦ ਲੈ ਅਕਾਲ ਥਖ਼ਤ ਸਾਹਿਬ ਤਕ ਵੀ ਆਪਣੀ ਪਹੁੰਚ ਕੀਤੀ ਸੀ।