ਨਵੀਂ ਦਿੱਲੀ: ਭਾਰਤੀ ਟੀਮ ਦੇ ਬੱਲੇਬਾਜ਼ ਲੋਕੇਸ਼ ਰਾਹੁਲ ਵਿਛੜੇ ਹੋਏ ਬੱਚਿਆਂ ਦੀ ਮਦਦ ਦੇ ਲਈ ਆਪਣੇ ਬੱਲੇ ਅਤੇ ਹੋਰ ਸਨਮਾਨ ਚਿੰਨ੍ਹਾਂ ਦੀ ਨੀਲਾਮੀ ਕਰ ਰਹੇ ਹਨ।
ਆਪਣੇ 28ਵੇਂ ਜਨਮਦਿਨ ਉੱਤੇ ਟਵਿੱਟਰ ਉੱਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਰਾਹੁਲ ਨੇ ਕਿਹਾ ਕਿ ਨੀਲਾਮੀ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ ਅਵੇਅਰ ਫ਼ਾਊਂਡੇਸ਼ਨ ਦੇ ਕੋਲ ਜਾਵੇਗੀ, ਜੋ ਭਾਰਤ ਵਿੱਚ ਪਿਛੜੇ ਅਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਸਿੱਖਿਆ ਦੇਣ ਦੇ ਲਈ ਕੰਮ ਕਰਦੀ ਹੈ।
ਰਾਹੁਲ ਨੇ ਕਿਹਾ ਕਿ ਮੈਂ ਆਪਣੇ ਕ੍ਰਿਕਟ ਪੈਡ, ਦਸਤਾਨੇ, ਹੈਲਮੇਟ ਅਤੇ ਆਪਣੀਆਂ ਕੁੱਝ ਜਰਸੀਆਂ ਸਾਡੇ ਸਹਿਯੋਗੀ ਹਿੱਸੇਦਾਰ ਭਾਰਤ ਆਰਮੀ ਫ਼ਾਊਂਡੇਸ਼ਨ ਨੂੰ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਇਨ੍ਹਾਂ ਚੀਜ਼ਾਂ ਦੀ ਨਿਲਾਮੀ ਕਰਨਗੇ ਅਤੇ ਇਸ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ 'ਦ ਅਵੇਅਰ ਫ਼ਾਊਡੇਸ਼ਨ' ਨੂੰ ਜਾਵੇਗੀ।
ਉਨ੍ਹਾਂ ਕਿਹਾ ਇਹ ਫ਼ਾਊਂਡੇਸ਼ਨ ਬੱਚਿਆਂ ਦੀ ਮਦਦ ਕਰਦੀ ਹੈ। ਇਹ ਖ਼ਾਸ ਹੈ ਅਤੇ ਮੈਂ ਅਜਿਹਾ ਕਰਨ ਦੇ ਲਈ ਕੋਈ ਬਿਹਤਰ ਦਿਨ ਨਹੀਂ ਚੁਣ ਸਕਦਾ।
ਨੀਲਾਮੀ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਨੀਲਾਮੀ ਵਿੱਚ ਜਿਨ੍ਹਾਂ ਚੀਜ਼ਾਂ ਨੂੰ ਰੱਖਿਆ ਗਿਆ ਹੈ ਉਨ੍ਹਾਂ ਵਿੱਚ ਰਾਹੁਲ ਦਾ ਵਿਸ਼ਵ ਕੱਪ-2019 ਦਾ ਹਸਤਾਖ਼ਰ ਵਾਲਾ ਬੱਲਾ, ਟੈਸਟ, ਇੱਕ ਰੋਜ਼ਾ ਅਤੇ ਟੀ-20 ਦੀ ਜਰਸੀ ਅਤੇ ਦਸਤਾਨੇ, ਹੈਲਮੇਟ ਅਤੇ ਪੈਡ ਸ਼ਾਮਲ ਹਨ।
ਰਾਹੁਲ ਨੇ ਕਿਹਾ ਕਿ ਨੀਲਾਮੀ ਵਿੱਚ ਹਿੱਸਾ ਲਓ ਅਤੇ ਮੇਰੇ ਤੇ ਬੱਚਿਆਂ ਦੇ ਪ੍ਰਤੀ ਥੋੜਾ ਪਿਆਰ ਦਿਖਾਓ ਅਤੇ ਇਸ ਮੁਸ਼ਕਿਲ ਸਮੇਂ ਵਿੱਚ ਇਕੱਠੇ ਰਹੀਏ। ਸਾਨੂੰ ਸਾਰਿਆਂ ਨੂੰ ਇਸ ਤੋਂ ਮਜ਼ਬੂਤ ਹੋ ਕੇ ਬਾਹਰ ਨਿਕਲਣਾ ਹੈ।
ਕੋਰੋਨਾ ਵਾਇਰਸ ਨੇ ਦੁਨੀਆ ਦੇ ਜ਼ਿਆਦਾਤਰ ਹਿੱਸਿਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਵਾਇਰਸ ਦੇ ਪ੍ਰਕੋਪ ਨਾਲ ਵਿਸ਼ਵ ਦੀ ਅਰਥ-ਵਿਵਸਥਾ ਵੀ ਤੇਜ਼ੀ ਨਾਲ ਡਿੱਗਦੀ ਜਾ ਰਹੀ ਹੈ।
ਦੱਸ ਦਈਏ ਕਿ ਦੁਨੀਆ ਭਰ ਵਿੱਚ ਹੁਣ ਤੱਕ 1,65,069 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 24,73,039 ਤੋਂ ਜ਼ਿਆਦਾ ਲੋਕਾਂ ਇਸ ਵਾਇਰਸ ਨਾਲ ਗ੍ਰਸਤ ਹਨ। ਉੱਥੇ ਹੀ ਭਾਰਤ ਵਿੱਚ 17,000 ਤੋਂ ਜ਼ਿਆਦਾ ਲੋਕ ਗ੍ਰਸਤ ਹਨ, ਜਦਕਿ 550 ਦੀ ਮੌਤ ਹੋ ਚੁੱਕੀ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 36 ਲੋਕਾਂ ਦੀ ਮੌਤ ਹੋ ਚੁੱਕੀ ਹੈ।