ਕੋਲੰਬੋ : ਸ਼੍ਰੀਲੰਕਾ ਵਿੱਚ ਹੋਏ ਲੜੀਵਾਰ ਧਮਾਕਿਆਂ ਤੋਂ ਬਾਅਦ ਇਥੇ ਪੁਲਿਸ ਵੱਲੋਂ ਇੱਕ ਭਾਰਤੀ ਪੱਤਰਕਾਰ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਹੈ।
ਸ਼੍ਰੀਲੰਕਾ ਪੁਲਿਸ ਨੇ ਭਾਰਤ ਤੋਂ ਬੰਬ ਧਮਾਕਿਆਂ ਦੀ ਕਵਰੇਜ਼ ਲਈ ਗਏ ਫੋਟੋ ਜਰਨਲਿਸਟ ਨੂੰ ਇੱਕ ਸਕੂਲ ਅੰਦਰ ਗੈਰ ਕਾਨੂੰਨੀ ਤਰੀਕੇ ਨਾਲ ਜ਼ਬਰਨ ਦਾਖਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਜਰਨਲਿਸਟ ਦੀ ਪਛਾਣ ਸਿੱਦਕੀ ਅਹਿਮਦ ਦਾਨਿਸ਼ ਵਜੋਂ ਹੋਈ ਹੈ ਅਤੇ ਉਹ ਦਿੱਲੀ ਦਾ ਰਹਿਣ ਵਾਲਾ ਹੈ। ਸਿੱਦਕੀ ਰਾਇਟਰ ਨਿਊਜ਼ ਏਜੰਸੀ ਲਈ ਕੰਮ ਕਰਦਾ ਹੈ। ਸਿੱਦਕੀ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ, ਜਿਸ ਵੇਲੇ ਉਹ ਨੋਗੋਮਬੋ ਸ਼ਹਿਰ ਦੇ ਸਕੂਲ ਵਿੱਚ ਧਮਾਕਿਆਂ ਵਿੱਚ ਮਾਰੇ ਗਏ ਬੱਚਿਆਂ ਬਾਰੇ ਜਾਣਕਾਰੀ ਲੈਣ ਲਈ ਸਕੂਲ ਦੇ ਅਧਿਕਾਰੀਆਂ ਨਾਲ ਗੱਲ ਕਰਨ ਲਈ ਜਬਰਦਸਤੀ ਸਕੂਲ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ।
ਕੋਲੰਬੋ ਪੁਲਿਸ ਨੇ ਦੱਸਿਆ ਕਿ ਸਿੱਦਕੀ ਉੱਤੇ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਚਾਰਜ ਲਗਾਏ ਗਏ ਹਨ। ਨੋਗੋਮਬੋ ਦੇ ਮੈਜਿਸਟ੍ਰੇਟ ਵੱਲੋਂ ਉਨ੍ਹਾਂ ਨੂੰ 15 ਮਈ ਤੱਕ ਰਿਮਾਂਡ ਉੱਤੇ ਭੇਜਿਆ ਗਿਆ ਹੈ।