ਓਟਾਵਾ: ਕੈਨੇਡਾ ਨੇ ਦੇਸ਼ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੇ ਵਿਚਲੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਅੰਤਰ ਰਾਸ਼ਟਰੀ ਯਾਤਰਾ ਪਾਬੰਦੀਆਂ ਵਧਾਉਣ ਦਾ ਐਲਾਨ ਕੀਤਾ ਹੈ।
ਐਤਵਾਰ ਨੂੰ ਜਾਰੀ ਇੱਕ ਬਿਆਨ 'ਚ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਤਿਆਰੀ ਮੰਤਰੀ ਬਿਲ ਬਲੇਅਰ ਨੇ ਐਲਾਨ ਕੀਤਾ ਕਿ ਅਮਰੀਕੀ ਨਾਗਰਿਕਾਂ 'ਤੇ ਯਾਤਰਾ ਪਾਬੰਦੀਆਂ 21 ਦਸੰਬਰ ਤੱਕ ਅਤੇ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ 21 ਜਨਵਰੀ, 2021 ਤੱਕ ਪਾਬੰਦੀਆਂ ਵਧਾ ਦਿੱਤੀਆਂ ਜਾਣਗੀਆਂ। 16 ਮਾਰਚ ਤੋਂ ਲਾਗੂ ਕੀਤੀਆਂ ਗਈਆਂ, ਇਨ੍ਹਾਂ ਪਾਬੰਦੀਆਂ ਨੇ ਜਿਆਦਾਤਰ ਵਿਦੇਸ਼ੀ ਨਾਗਰਿਕਾਂ ਨੂੰ ਗੈਰ ਜ਼ਰੂਰੀ ਯਾਤਰਾਵਾਂ ਲਈ ਕੈਨੇਡਾ ਵਿੱਚ ਦਾਖਲ ਹੋਣ 'ਤੇ ਰੋਕ ਲਾ ਦਿੱਤੀ ਹੈ।
ਇਸ ਵਿੱਚ ਨਾਗਰਿਕ, ਲੋੜੀਂਦਾ ਕਰਮਚਾਰੀ, ਮੌਸਮੀ ਕਾਮੇ, ਦੇਖਭਾਲ ਕਰਨ ਵਾਲੇ ਲੋਕ ਅਤੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਸ਼ਾਮਲ ਹਨ। ਇਸ ਤੋਂ ਪਹਿਲਾਂ, ਅੰਤਰ ਰਾਸ਼ਟਰੀ ਪਾਬੰਦੀਆਂ ਹਰ ਮਹੀਨੇ ਦੇ ਆਖ਼ਰੀ ਦਿਨ ਨੂੰ ਖ਼ਤਮ ਹੁੰਦੀਆਂ ਸਨ ਜਦੋਂ ਕਿ ਕੈਨੇਡਾ-ਯੂਐਸ ਸਰਹੱਦੀ ਪਾਬੰਦੀਆਂ 21 ਦਸੰਬਰ ਨੂੰ ਖਤਮ ਹੋਣੀਆਂ ਹਨ।
ਮੰਤਰੀ ਨੇ ਬਿਆਨ ਵਿੱਚ ਕਿਹਾ, “ਸਰਕਾਰ ਯਾਤਰਾ ਪਾਬੰਦੀਆਂ ਦਾ ਨਿਰੰਤਰ ਮੁਲਾਂਕਣ ਕਰ ਰਹੀ ਹੈ ਤਾਂ ਜੋ ਕੈਨੇਡੀਅਨ ਤੰਦਰੁਸਤ ਅਤੇ ਸੁਰੱਖਿਅਤ ਰਹਿਣ। 21 ਜਨਵਰੀ, 2021 ਤੋਂ ਅਮਰੀਕਾ ਅਤੇ ਅੰਤਰ ਰਾਸ਼ਟਰੀ ਯਾਤਰਾ ਲਈ ਸਰਕਾਰ ਵੱਲੋਂ ਨਿਰਧਾਰਤ ਆਈਸੋਲੇਸ਼ਨ, ਯਾਤਰਾ ਦੇ ਵਿਸਥਾਰ ਤੇ ਹੋਰਨਾਂ ਤਬਦੀਲੀਆਂ ਬਾਰੇ ਵੀ ਸਰਕਾਰ ਨਿਰਦੇਸ਼ ਦੇ ਰਹੀ ਹੈ। ”
ਕੈਨੇਡਾ ਵਿੱਚ ਹੁਣ ਤੱਕ ਕੁੱਲ 3,70,278 ਕੋਵਿਡ -19 ਕੇਸ ਅਤੇ 12,032 ਮੌਤਾਂ ਹੋਈਆਂ ਹਨ।
ਮੁੱਖ ਜਨਤਕ ਸਿਹਤ ਅਧਿਕਾਰੀ ਥੇਰੇਸਾ ਟੈਮ ਨੇ ਐਤਵਾਰ ਨੂੰ ਪਿਛਲੇ ਦਿਨ ਦੀ ਚੇਤਾਵਨੀ ਨੂੰ ਦੁਹਰਾਇਆ ਕਿ ਜੇਕਰ ਲਾਗ ਇਸੇ ਤਰ੍ਹਾਂ ਵਧਦੀ ਰਹੀ ਤਾਂ ਦਸੰਬਰ ਦੇ ਅੱਧ 'ਚ ਦੇਸ਼ ਅੰਦਰ ਇੱਕ ਦਿਨ 'ਚ 10,000 ਕੇਸ ਦੇਖੇ ਜਾ ਸਕਦੇ ਹਨ।