ਲੁਧਿਆਣਾ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਥੇ ਇੱਕੋਂ ਦਿਨ ਵਿੱਚ 22 ਪੁਲਿਸ ਮੁਲਾਜ਼ਮ ਕੋਰੋਨਾ ਪੋਜ਼ੀਟਿਵ ਪਾਏ ਗਏ, ਜਿਸ ਤੋਂ ਬਾਅਦ ਥਾਣਾ ਨੰਬਰ 3 ਅਤੇ 8 ਨੂੰ ਅਗਲੇ ਕੁੱਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਬੀਤੇ ਦਿਨੀਂ ਇੱਕੋਂ ਦਿਨ ਹੀ ਲੁਧਿਆਣਾ ਵਿੱਚ ਕੋਰੋਨਾ ਦੇ 121 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਮਰੀਜ਼ਾਂ 'ਚ 22 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ ਤੇ ਇਨ੍ਹਾਂ 'ਚੋਂ 2 ਐਸਐਚਓ ਤੇ 4 ਏਐਸਆਈ ਵੀ ਹਨ। ਕੋਰੋਨਾ ਪੌਜ਼ੀਟਿਵ ਪਾਏ ਗਏ ਇਹ ਸਾਰੇ ਹੀ ਮੁਲਾਜ਼ਮ ਥਾਣਾ ਨੰਬਰ 3 ਅਤੇ ਥਾਣਾ ਨੰਬਰ 8 ਤੋਂ ਸਬੰਧਤ ਹਨ।
ਕੋਰੋਨਾ ਵਾਇਰਸ ਤੋਂ ਬਚਾਅ ਲਈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਅਹਿਮ ਫੈਸਲਾ ਲੈਂਦਿਆਂ ਇਨ੍ਹਾਂ ਥਾਣਿਆਂ ਨੂੰ 3 ਅਗਸਤ ਤੱਕ ਪਬਲਿਕ ਡੀਲਿੰਗ ਲਈ ਬਿਲਕੁਲ ਬੰਦ ਕਰ ਦਿੱਤਾ ਹੈ। ਥਾਣੇ ਦੇ ਬਾਹਰ ਪੋਸਟਰ ਲਾ ਦਿੱਤੇ ਗਏ ਨੇ, ਲੋਕਾਂ ਨੂੰ ਆਨਲਾਈਨ ਲਈ ਹੀਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਮੇਲ ਆਈਡੀ ਜਾਰੀ ਕੀਤੀ ਗਈ ਹੈ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਇਥੇ ਦਾ ਜਾਇਜ਼ਾ ਲਿਆ ਤਾਂ ਥਾਣਾ ਡਵੀਜ਼ਨ ਨੰਬਰ ਅੱਠ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਨਾਮਾਤਰ ਸੀ। ਥਾਣੇ ਦੇ ਗੇਟ ਅੱਗੇ ਵੀ ਕੋਈ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸੀ।
ਜਿਹੜੇ ਲੋਕ ਕਿਸੇ ਕੰਮ ਲਈ ਥਾਣੇ ਆ ਰਹੇ ਸਨ ਉਨ੍ਹਾਂ ਬਿਨ੍ਹਾਂ ਆਪਣਾ ਕੰਮ ਕਰਵਾਏ ਵਾਪਸ ਜਾਣਾ ਪਿਆ। ਦੱਸਣਯੋਗ ਹੈ ਕਿ ਹੁਣ ਤੱਕ ਸ਼ਹਿਰ 'ਚ ਤਕਰੀਬਨ 100 ਤੋਂ ਵੱਧ ਪੁਲਿਸ ਮੁਲਾਜ਼ਮ ਕੋਰੋਨਾ ਪੌਜ਼ੀਟਿਵ ਆ ਚੁੱਕੇ ਹਨ। ਲੁਧਿਆਣਾ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 2500 ਤੋਂ ਪਾਰ ਹੋ ਗਈ ਹੈ, 800 ਤੋਂ ਵੱਧ ਐਕਟਿਵ ਕੇਸ ਹਨ। ਹੁਣ ਤੱਕ ਕੋਰੋਨਾ ਮਹਾਂਮਾਰੀ ਦੇ ਕਾਰਨ ਇਥੇ 65 ਲੋਕਾਂ ਦੀ ਜਾਨ ਜਾ ਚੁੱਕੀ ਹੈ।