ਜਲੰਧਰ : ਸ਼ਹਿਰ ਦੀ ਦਿਹਾਤੀ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਪਿਸਤੌਲ, ਤੇਜ਼ਧਾਰ ਹਥਿਆਰਾਂ ਸਣੇ ਨਗਦੀ ਰਕਮ ਵੀ ਬਰਾਮਦ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿਹਾਤ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜਲੰਧਰ ਦਿਹਾਤ ਪੁਲਿਸ ਨੇ ਇੱਕ ਅਜਿਹੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਹਿ ਕਿ ਰਾਤ ਵੇਲੇ ਪੇਂਡੂ ਇਲਾਕਿਆਂ ਵਿੱਚ ਸਥਿਤ ਠੇਕਿਆਂ ਉੱਤੇ ਕੰਮ ਕਰਨ ਵਾਲਿਆਂ ਕੋਲੋਂ ਲੁੱਟ ਖੋਹ ਕਰਦੇ ਸਨ।
ਇਹ ਵੀ ਪੜ੍ਹੋ : ਜਨਮ ਦਿਨ ਪਾਰਟੀ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲਾ ਗੈਂਗਸਟਰ ਚੜਿਆ ਪੁਲਿਸ ਅੜਿੱਕੇ
ਇਹ ਗੈਂਗ ਰਾਤ ਦੇ ਸਮੇਂ ਸ਼ਰਾਬ ਦੇ ਠੇਕਿਆਂ ਤੇ ਜਾ ਕੇ ਉਨ੍ਹਾਂ ਦੇ ਕਰਿੰਦਿਆਂ ਕੋਲੋਂ ਨਗਦੀ ਅਤੇ ਸ਼ਰਾਬ ਲੁੱਟਦੇ ਸਨ। ਵਾਰਦਾਤਾਂ ਲਈ ਉਹ ਤੇਜ਼ਧਾਰ ਹਥਿਆਰਾਂ, ਪਿਸਤੌਲ ਦੀ ਵਰਤੋਂ ਕਰਦੇ ਸਨ।
ਪੁਲਿਸ ਪਾਰਟੀ ਨੇ ਜਲੰਧਰ ਦੇ ਜੰਡਿਆਲਾ ਨਕੋਦਰ ਰੋਡ ਉੱਤੇ ਪਿੰਡ ਸ਼ੰਕਰ ਲਾਗੇ ਇੱਕ ਸਕਾਰਪੀਓ ਗੱਡੀ ਨੂੰ ਰੋਕਿਆ। ਜਿਸ ਵਿੱਚ ਪੰਜ ਨੌਜਵਾਨ ਸਵਾਰ ਸਨ। ਪੁਲਿਸ ਨੇ ਜਦ ਨੌਜਵਾਨਾਂ ਸਣੇ ਗੱਡੀ ਦੀ ਤਲਾਸ਼ੀ ਲਈ ਤਾਂ ਮੁਲਜ਼ਮਾਂ ਕੋਲੋਂ ਇੱਕ ਦੇਸੀ ਕੱਟਾ, ਇੱਕ ਪਿਸਤੌਲ ਅਤੇ ਦੋ ਤੇਜ਼ਧਾਰ ਦਾਤਰ ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੁਲਿਸ ਨੇ ਨੌਜਵਨਾਂ ਨੂੰ ਗ੍ਰਿਫਤਾਰ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਪੁਲਿਸ ਵੱਲੋਂ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰਕੇ ਪੁੱਛਗਿੱਛ ਜਾਰੀ ਹੈ। ਮੁਲਜ਼ਮਾਂ ਉੱਤੇ ਪਹਿਲਾਂ ਵੀ ਲੁੱਟ ਦੇ ਕਈ ਮਾਮਲੇ ਦਰਜ ਹਨ।