ਹੁਸ਼ਿਆਰਪੁਰ: ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸ਼ਹਿਰ 'ਚ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਿਨੇਟ ਮੰਤਰੀ ਤੀਕਸ਼ਣ ਸੂਦ ਸਣੇ ਕਈ ਸੀਨੀਅਰ ਭਾਜਪਾ ਆਗੂ ਮੌਜੂਦ ਸਨ।
ਇਸ ਮੌਕੇ ਸੋਮ ਪ੍ਰਕਾਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ 'ਚ ਲੋਕਾਂ ਦੀ ਮੰਗ ਉੱਤੇ ਇਹ ਦਫ਼ਤਰ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਲੋਕ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਸੰਪਰਕ ਕਰਕੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਕੋਲ ਪਹੁੰਚਾ ਸਕਣਗੇ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਦਫ਼ਤਰ ਹੋਣ ਨਾਲ ਉਨ੍ਹਾਂ ਨੂੰ ਇਥੇ ਵਿਕਾਸ ਕਾਰਜ ਕਰਵਾਉਣ 'ਚ ਅਸਾਨੀ ਹੋਵੇਗੀ।
ਪੱਤਰਕਾਰਾਂ ਵੱਲੋਂ ਪੰਜਾਬ ਦੀ ਇੰਡਸਟਰੀ ਬਾਹਰ ਲਿਜਾਏ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਲਦ ਪੰਜਾਬ ਸਰਕਾਰ ਨਾਲ ਮਿਲ ਕੇ ਅਜਿਹੀ ਪਾਲਿਸੀ ਤਿਆਰ ਕਰੇਗੀ ਜਿਸ ਨਾਲ ਪੰਜਾਬ 'ਚ ਇੰਡਸਟਰੀ ਨੂੰ ਹੁੰਗਾਰਾ ਮਿਲੇਗਾ। ਇਸ ਤੋਂ ਇਲਾਵਾ ਪਠਾਨਕੋਟ 'ਚ ਸੀਏਏ ਸਮਰਥਨ ਰੈਲੀ ਦੌਰਾਨ ਮਾਸਟਰ ਮੋਹਨ ਲਾਲ ਵੱਲੋਂ ਭਾਜਪਾ ਦੇ ਅਕਾਲੀਆਂ ਤੋਂ ਵੱਖ ਹੋ ਕੇ ਇਕੱਲੇ ਚੋਣ ਲੜਨ ਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਇਹ ਮਾਸਟਰ ਮੋਹਨ ਲਾਲ ਦੇ ਨਿੱਜੀ ਵਿਚਾਰ ਹੋ ਸਕਦੇ ਹਨ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਬੇਹਦ ਮਜ਼ਬੂਤ ਹੈ ਤੇ ਉਹ ਕਦੇ ਵੀ ਵੱਖ ਚੋਣ ਨਹੀਂ ਲੜਨਗੇ।