ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਸਿਹਤ ਮੰਤਰੀ ਵਿਜੇ ਸਿੰਗਲਾ ਖਿਲਾਫ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਠੋਸ ਸਬੂਤ ਮਿਲੇ ਹਨ। ਜਿਸ 'ਚ ਉਨ੍ਹਾਂ ਵਲੋਂ ਅਧਿਕਾਰੀਆਂ ਤੋਂ ਠੇਕੇ 'ਤੇ 1% ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਸੀ।
ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦੀ ਬਰਖਾਸਤਗੀ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਤੰਜ ਕੱਸਿਆ ਹੈ। ਮੂਸੇਵਾਲਾ ਨੇ ਲਿਖਿਆ ਕਿ- ਬਾਬਾ ਕਹਿੰਦਾ ਸੀ, ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਾਰ ਜਾਂਦੇ ਜਿਹੜੇ ਦੂਜਿਆ ਨੂੰ ਮਾਰ ਦੇ। ਸਿੱਧੂ ਮੂਸੇਵਾਲਾ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸਟੋਰੀ ਨੂੰ ਸ਼ੇਅਰ ਕੀਤਾ ਗਿਆ ਹੈ। ਇਸ ਦੇ ਪਿੱਛੇ ਮੂਸੇਵਾਲਾ ਨੇ ਆਪਣਾ ਵਿਵਾਦਿਤ ਗੀਤ 'ਹੂੰ ਮੈਂ ਦੱਸੋ ਕੇ ਗੱਦਾਰ ਲੋਕੋ ਗੱਦਾਰ ਕੌਣ, ਜੀਤ ਗਿਆ-ਹਰ ਗਿਆ ਕੌਣ?' ਲਗਾਇਆ ਹੈ।
ਚੋਣਾਂ 'ਚ ਸਿੰਗਲਾ ਨੇ ਮੂਸੇਵਾਲਾ ਨੂੰ ਹਰਾਇਆ ਸੀ: ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਮੂਸੇਵਾਲਾ ਵੀ ਮਾਨਸਾ ਸੀਟ ਤੋਂ ਚੋਣ ਲੜੇ ਸੀ। ਜਿਸ 'ਚ ਸਿੱਧੂ ਮੂਸੇਵਾਲਾ ਨੂੰ ਵਿਜੇ ਸਿੰਗਲਾ ਤੋਂ 63,323 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਨ੍ਹਾਂ ਚੋਣਾਂ 'ਚ ਵਿਜੇ ਸਿੰਗਲਾ ਨੂੰ 100023 ਵੋਟਾਂ ਮਿਲੀਆਂ ਸਨ ਜਦਕਿ ਮੂਸੇਵਾਲਾ ਨੂੰ ਸਿਰਫ਼ 36700 ਵੋਟਾਂ ਮਿਲੀਆਂ ਸਨ।
ਸਿੰਗਲਾ ਨੇ 5911 ਟਰੈਕਟਰ ਖਿੱਚ ਮਨਾਇਆ ਸੀ ਜਸ਼ਨ: ਸਿੱਧੂ ਮੂਸੇਵਾਲਾ ਨੂੰ ਡਾ: ਵਿਜੇ ਸਿੰਗਲਾ ਨੇ ਹਰਾਇਆ ਸੀ। ਇਸ ਤੋਂ ਬਾਅਦ ਸਿੰਗਲਾ ਨੇ 5911 ਟਰੈਕਟਰ ਨੂੰ ਪੁੱਠਿਆ ਖਿੱਚ ਕੇ ਜਸ਼ਨ ਮਨਾਇਆ ਸੀ। ਮੂਸੇਵਾਲਾ ਅਕਸਰ ਆਪਣੇ ਗੀਤਾਂ ਵਿੱਚ 5911 ਟਰੈਕਟਰ ਨੂੰ ਪ੍ਰਮੋਟ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਸਿੰਗਲਾ ਨੇ ਮੂਸੇਵਾਲਾ ਤੋਂ ਜਿੱਤ ਦੇ ਜਸ਼ਨ 'ਚ ਆਪਣੇ ਪੱਟ 'ਤੇ ਥਾਪੀ ਮਾਰ ਕੇ ਜਸ਼ਨ ਮਨਾਇਆ ਸੀ।
ਦੁਬਈ 'ਚ ਮੂਸੇਵਾਲਾ ਨੇ ਕੱਢੀ ਸੀ ਨਰਾਜ਼ਗੀ: ਚੋਣ ਹਾਰ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲਾ ਨੇ ਦੁਬਈ ਦੇ ਸ਼ੋਅ 'ਚ ਗੁੱਸਾ ਜ਼ਾਹਰ ਕੀਤਾ ਸੀ। ਮੂਸੇਵਾਲਾ ਨੇ ਕਿਹਾ ਸੀ ਕਿ ਮੈਂ ਜਿੰਮੇਵਾਰੀ ਨਿਭਾਈ ਹੈ, ਖੜਾ ਰਹਾਂਗਾ। ਮੈਂ ਪਿੰਡ ਵਾਸੀਆਂ ਨੂੰ ਦੱਸਦਾ ਹਾਂ ਕਿ ਜਿੱਥੇ ਜਿੱਤਣ ਵਾਲਾ ਹੱਥ ਖੜ੍ਹਾ ਕਰ ਜਾਵੇ, ਉੱਥੇ ਹਾਰਨ ਵਾਲੇ ਨੂੰ ਅਜ਼ਮਾ ਕੇ ਦੇਖਣਾ। ਮੈਂ 3 ਮਹੀਨੇ ਲੋਕਾਂ ਵਿਚਕਾਰ ਰਿਹਾ। ਮੈਂ ਉਹੀ ਕੀਤਾ ਜੋ ਮੈਨੂੰ ਸਹੀ ਲੱਗਾ। ਇਹ ਕਿਹੜਾ ਕੁੰਭ ਮੇਲਾ ਹੈ, ਜੋ ਅਗਲੀ ਵਾਰ ਨਹੀਂ ਆਉਣਾ। ਮੇਰੀ ਮਾਂ ਨੇ ਮੈਨੂੰ ਇੱਕ ਗੱਲ ਸਿਖਾਈ ਹੈ ਕਿ ਜੋ ਵੀ ਤੇਰੇ ਹੱਥ ਅਤੇ ਝੋਲੀ ਵਿੱਚ ਹੈ, ਉਹ ਲੋਕਾਂ ਕਰਕੇ ਹੈ। ਜਿੱਥੇ ਉਹ ਲੋਕਾਂ ਲਈ ਖੜ੍ਹਨ ਤੋਂ ਭੱਜ ਗਿਆ, ਉੱਥੇ ਹੀ ਕਹਾਣੀ ਖਤਮ ਹੋ ਜਾਵੇਗੀ।
ਇਹ ਵੀ ਪੜ੍ਹੋ: Live Update: ਪੰਜਾਬ ਪੁਲਿਸ ਨੇ ਵਿਜੇ ਸਿੰਗਲਾ ਨੂੰ ਕੀਤਾ ਗ੍ਰਿਫਤਾਰ