ਚੰਡੀਗੜ੍ਹ: ਪੰਬਾਬ ਦੇ ਨਵੇਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਵਧਾਈ ਦੇਣ ਲਈ ਪੰਜਾਬ ਰਾਜ ਭਵਨ ਪੁੱਜੇ ਤੇ ਇਥੇ ਉਨ੍ਹਾਂ ਦਾ ਪੰਜਾਬ ਵਿੱਚ ਸੁਆਗਤ ਵੀ ਕੀਤਾ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ.ਪੀ.ਸਿੰਘ ਬਦਨੌਰ ਪੰਜਾਬ ਦੇ ਰਾਜਪਾਲ ਸਨ ਤੇ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ‘ਤੇ ਉਨ੍ਹਾਂ ਦੀ ਥਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਦੇ ਰਾਜਪਾਲ ਥਾਪਿਆ ਹੈ। ਉਹ ਇਥੇ ਵਾਧੂ ਭਾਰ ਸੰਭਾਲਣਗੇ। ਅਸਲ ਵਿੱਚ ਉਹ ਤਾਮਿਲਨਾਡੂ ਦੇ ਰਾਜਪਾਲ ਹਨ ਤੇ ਹੁਣ ਉਨ੍ਹਾਂ ਨੂੰ ਪੰਜਾਬ ਦਾ ਕਾਰਜਭਾਰ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਦਨੌਰ ਵਾਂਗ ਪੁਰੋਹਿਤ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਸੇਵਾਵਾਂ ਦੇਣਗੇ।
ਸ਼੍ਰੀ ਪੁਰੋਹਿਤ ਨੂਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ, ਮਾਨਯੋਗ ਜਸਟਿਸ ਸ਼੍ਰੀ ਰਵੀ ਸ਼ੰਕਰ ਝਾਅ ਨੇ ਪੰਜਾਬ ਰਾਜ ਭਵਨ ਵਿਖੇ ਸਹੁੰ ਚੁਕਾਈ।ਇਸ ਮੌਕੇ ਸਟੇਜ ’ਤੇ ਹਰਿਆਣਾ ਦੇ ਰਾਜਪਾਲ, ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਮੌਜੂਦ ਸਨ। ਸ਼੍ਰੀ ਪੁਰੋਹਿਤ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ। ਉਨਾਂ ਨੇ ਸਹੁੰ ਫਾਰਮ ’ਤੇ ਦਸਤਖ਼ਤ ਕੀਤੇ ਜਿਸ’ ਤੇ ਚੀਫ ਜਸਟਿਸ ਵੱਲੋਂ ਵੀ ਹਸਤਾਖਰ ਕੀਤੇ ਗਏ। ਬਾਅਦ ਵਿੱਚ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ ਦੇ ਪ੍ਰਸ਼ਾਸਕ ਵਜੋਂ ਵੱਖੋ-ਵੱਖਰੇ ਦਸਤਾਵੇਜ਼ਾਂ ’ਤੇ ਦਸਤਖਤ ਕੀਤੇ।