ਅੰਮ੍ਰਿਤਸਰ: ਦਿਹਾਤੀ ਮਜਦੂਰ ਸਭਾ ਵੱਲੋਂ ਰਈਆ ਵਿਖੇ ਪਲਵਿੰਦਰ ਸਿੰਘ ਮਹਿਸਮਪੁਰ ਦੀ ਪ੍ਰਧਾਨਗੀ ਹੇਠ ਇਕੱਤਰ ਲੋਕਾਂ ਵਲੋਂ ਫੂਡ ਸਪਲਾਈ ਦਫਤਰ ਰਈਆ ਦਾ ਘਿਰਾਉ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।
ਮਾਮਲੇ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਿਹਤੀ ਮਜਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਸਰਕਾਰ ਵੱਲੋਂ ਪਬਲਿਕ ਵੰਡ ਪ੍ਰਣਾਲੀ ਤਹਿਤ ਨੀਲੇ ਕਾਰਡ ਧਾਰਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਅਜਿਹੀ ਦਿੱਤੀ ਜਾ ਰਹੀ ਹੈ ਜੋ ਸ਼ਾਇਦ ਪਸ਼ੂ ਨੂੰ ਵੀ ਖਾਣ ਨੂੰ ਨਾ ਦਿੱਤੀ ਜਾਵੇ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ੍ਹੀਂ ਪਿੰਡ ਖਿਲਚੀਆਂ ਵਿੱਚ ਨੀਲੇ ਕਾਰਡ ਧਾਰਕ ਲੋੜਵੰਦਾਂ ਨੂੰ ਕਣਕ ਵੰਡੀ ਗਈ ਸੀ ਜੋ ਕਿ ਪੂਰੀ ਤਰ੍ਹਾਂ ਲੱਗੀ ਹੋਈ ਸੀ। ਜਿਸ ਤੋਂ ਬਾਅਦ ਉਕਤ ਮਾਮਲਾ ਜਥੇਬੰਦੀ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਵਲੋਂ ਲੋਕਾਂ ਦੇ ਨਾਲ ਇਕੱਤਰ ਹੋ ਫੂਡ ਸਪਲਾਈ ਦਫਤਰ ਰਈਆ ਵਿਖੇ ਧਰਨਾ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਧਰਨੇ ਸਮੇਂ ਵਿਰੋਧ ਪ੍ਰਦਰਸ਼ਨ ਦੇਖ ਪਹਿਲਾਂ ਤਾਂ ਕੋਈ ਅਧਿਕਾਰੀ ਨਹੀਂ ਆਇਆ ਪਰ ਬਾਅਦ ਵਿੱਚ ਆਏ ਅਧਿਕਾਰੀਆਂ ਨੇ ਗੱਲਬਾਤ ਕਰਨ ਉਪਰੰਤ ਉਨ੍ਹਾਂ ਨੂੰ ਖਰਾਬ ਕਣਕ ਬਦਲ ਕੇ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਉਕਤ ਅਧਿਕਾਰੀਆਂ ਵਲੋਂ ਜਲਦ ਹੀ ਫੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ ਹੈ।
ਸਭਾ ਦੇ ਅਧਿਕਾਰੀਆਂ ਨੇ ਸਾਫ ਕੀਤਾ ਕਿ ਜੇਕਰ ਮੀਟਿੰਗ ਵਿੱਚ ਮਸਲੇ ਦਾ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਵੱਡੀ ਗਿਣਤੀ ਵਿੱਚ ਇਕੱਤਰ ਹੋ ਅਣਮਿੱਥੇ ਸਮੇਂ ਦਾ ਧਰਨਾ ਲਗਾਇਆ ਜਾਵੇਗਾ।