ਨਵੀਂ ਦਿੱਲੀ: ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਅੱਜ 26 ਜਨਵਰੀ ਨੂੰ ਲਾਲਕਿਲੇ ਉੱਤੇ ਤਿਰੰਗੇ ਦੇ ਅਪਮਾਨ ਵਿੱਚ ਜੇਲ੍ਹ ਵਿੱਚ ਬੰਦ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ਉੱਤੇ ਸੁਣਵਾਈ ਹੋਈ। ਕੋਰਟ ਨੇ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ਉੱਤੇ ਫੇਰ ਕੋਈ ਫੈਸਲਾ ਨਹੀਂ ਸੁਣਾਇਆ ਸਗੋਂ ਸੁਣਵਾਈ ਦੀ ਅਗਲੀ ਤਰੀਕ ਦੇ ਦਿੱਤੀ ਹੈ। ਹੁਣ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ।
ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕੋਰਟ ਵਿੱਚ ਕਿਹਾ ਕਿ 26 ਜਨਵਰੀ ਨੂੰ ਦੀਪ ਸਿੱਧੂ ਨੇ ਲੋਕਾਂ ਨੂੰ ਭੜਕਾਇਆ ਹੈ। ਲਾਲ ਕਿਲ੍ਹੇ ਉੱਤੇ ਦੀਪ ਦੇ ਪਹੁੰਚਣ ਤੋਂ ਬਾਅਦ ਹੀ ਪੁਲਿਸ 'ਤੇ ਹਮਲਾ ਹੋਇਆ। ਸਰਕਾਰੀ ਵਕੀਲ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਏਜੰਡਾ ਭਾਰਤ ਨੂੰ ਬਦਨਾਮ ਕਰਨ ਦਾ ਹੈ।
ਅਦਾਲਤ 'ਚ ਸੁਣਵਾਈ ਦੌਰਾਨ ਦੀਪ ਸਿੱਧੂ ਦੇ ਵਕੀਲ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦਾ ਸੱਦਾ ਕਿਸਾਨ ਆਗੂਆਂ ਨੇ ਦਿੱਤਾ, ਮੈਂ ਕਿਸਾਨ ਯੂਨੀਅਨ ਦਾ ਮੈਂਬਰ ਨਹੀਂ ਹਾਂ, ਮੈਨੂੰ ਲਾਲ ਕਿਲ੍ਹੇ ਜਾਣ ਲਈ ਕੋਈ ਫੋਨ ਨਹੀਂ ਆਇਆ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੈਂ ਭੀੜ ਨੂੰ ਲਾਮਬੰਦ ਕੀਤਾ ਹੈ।
ਕੋਰਟ 'ਚ ਹੋਈ ਬਹਿਸ ਦੌਰਾਨ ਕੋਰਟ ਨੇ ਹੁਕਮ ਦਿੱਤੇ ਹਨ ਕਿ 26 ਜਨਵਰੀ ਤੋਂ ਪਹਿਲਾਂ 25 ਦੀ ਰਾਤ ਨੂੰ ਦੀਪ ਸਿੱਧੂ ਵੱਲੋਂ ਕਿਸਾਨ ਮੋਰਚੇ ਦੀ ਸਟੇਜ ਤੋਂ ਦਿੱਤੀ ਗਈ ਸਪੀਚ ਨੂੰ ਟ੍ਰਾਂਸਲੇਟ ਕਰਕੇ ਕੋਰਟ 'ਚ ਪੇਸ਼ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਦੀਪ ਸਿੱਧੂ ਦੀ ਜ਼ਮਾਨਤ 'ਤੇ ਕੋਈ ਫੈਸਲਾ ਲਿਆ ਜਾਵੇਗਾ।