ਕਰਨਾਲ: ਹਰਿਆਣਾ ਦੇ ਕਰਨਾਲ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਅਤੇ ਕਿਸਾਨ ਦੀ ਮੌਤ ਤੋਂ ਬਾਅਦ ਸਰਕਾਰ ਅਤੇ ਕਿਸਾਨ ਆਹਮੋ -ਸਾਹਮਣੇ ਹਨ। ਕਿਸਾਨਾਂ ਵੱਲੋਂ ਸਰਕਾਰ ਨੂੰ ਦਿੱਤਾ ਗਿਆ ਅਲਟੀਮੇਟਮ ਅੱਜ ਪੂਰਾ ਹੋ ਰਿਹਾ ਹੈ। ਇਸਤੋਂ ਬਾਅਦ 7 ਸਤੰਬਰ ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਕਰਨਾਲ ਵਿੱਚ ਕਿਸਾਨਾਂ ਨਾਲ ਇੱਕ ਮਹਾਂਪੰਚਾਇਤ ਦਾ ਆਯੋਜਨ ਕਰੇਗੀ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਵੀ ਇਸ ਸਬੰਧੀ ਇੱਕ ਵੀਡੀਓ ਜਾਰੀ ਕੀਤੀ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਕਰਨਾਲ ਪ੍ਰਸ਼ਾਸਨ ਨਾਲ ਕਿਸਾਨ ਆਗੂ ਗੁਰਨਾਮ ਚੜੂਨੀ ਦੀ ਗੱਲਬਾਤ ਬੇਸਿਟਾ ਰਹੀ ਜਿਸਤੋਂ ਬਾਅਦ ਕਿਸਾਨਾਂ ਦੇ ਐਲਾਨ ਮੁਤਾਬਿਕ ਕੱਲ੍ਹ ਕਿਸਾਨ ਕਰਨਾਲ ਦੀ ਅਨਾਜ ਮੰਡੀ ਵਿੱਚ ਮਹਾਪੰਚਾਇਤ ਕਰਕੇ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰਨਗੇ। ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਇਸ ਮਾਮਲੇ ਦੇ ਮੱਦੇਨਜ਼ਰ ਕਰਨਾਲ ਵਿੱਚ 5 ਸਤੰਬਰ ਤੋਂ 7 ਸਤੰਬਰ ਤੱਕ ਧਾਰਾ 144 ਲਾਗੂ ਕਰ ਦਿੱਤੀ ਹੈ।
ਗੁਰਨਾਮ ਚੜੂਨੀ ਨੇ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ 7 ਸਤੰਬਰ ਨੂੰ ਸਵੇਰੇ 10 ਵਜੇ ਹਰਿਆਣਾ ਦੇ ਕਿਸਾਨ ਵੱਧ ਤੋਂ ਵੱਧ ਗਿਣਤੀ ਵਿੱਚ ਕਰਨਾਲ ਦੀ ਨਵੀਂ ਅਨਾਜ ਮੰਡੀ ਵਿੱਚ ਪਹੁੰਚਣ ਜਿੱਥੇ ਸਕੱਤਰੇਤ ਨੂੰ ਘੇਰਿਆ ਜਾਵੇਗਾ। ਕਿਸਾਨ ਆਗੂ ਪਹਿਲਾਂ ਨਾਲੋਂ ਜ਼ਿਆਦਾ ਜਾਗਰੂਕ ਹਨ।
ਉਧਰ ਮੁਜ਼ੱਫਰਨਗਰ ਵਿੱਚ ਹੋਈ ਕਿਸਾਨ ਮਹਾਪੰਚਾਇਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਲਈ ਸਰਕਾਰ 'ਤੇ ਦਬਾਅ ਬਣਾਉਣ ਲਈ ਕਿਸਾਨ ਆਗੂ ਅਜਿਹੀਆਂ ਪੰਚਾਇਤਾਂ ਕਰ ਰਹੇ ਹਨ ਅਤੇ ਘਿਰਾਓ ਕਰਨ ਦੀਆਂ ਚਿਤਾਵਨੀਆਂ ਦੇ ਰਹੇ ਹਨ।
ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਵੀ ਮਿੰਨੀ ਸਕੱਤਰੇਤ ਦੇ ਘਿਰਾਓ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ। ਕਰਨਾਲ ਵਿੱਚ ਐਤਵਾਰ ਸ਼ਾਮ ਤੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਨੇ ਕਿਹਾ ਸੀ ਕਿ ਕਿਸੇ ਵੀ ਹਾਲਤ ਵਿੱਚ ਮਿੰਨੀ ਸਕੱਤਰੇਤ ਦੀ ਘੇਰਾਬੰਦੀ ਨਹੀਂ ਕਰਨ ਦਿੱਤੀ ਜਾਵੇਗੀ। ਹੁਣ ਇਹ ਵੇਖਣਾ ਹੋਵੇਗਾ ਕਿ ਕਿਸਾਨ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦੇ ਸਫ਼ਲ ਹੁੰਦੇ ਨੇ ਜਾਂ ਨਹੀਂ।
ਇਹ ਵੀ ਪੜੋ: ਮੁਜ਼ੱਫਰਨਗਰ ਤੋਂ ਬਾਅਦ ਹੁਣ ਕਰਨਾਲ ਵਿੱਚ ਹੋਵੇਗੀ ਕਿਸਾਨਾਂ ਦੀ ਮਹਾਪੰਚਾਇਤ, ਧਾਰਾ-144 ਲਾਗੂ