ਨਵੀਂ ਦਿੱਲੀ: ਰਾਜਧਾਨੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਨਾਲ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 17 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਖਣੀ ਦਿੱਲੀ ਦੇ ਖੇਤਰ ਵਿੱਚ 19 ਸਾਲਾ ਪੀਜ਼ਾ ਡਿਲਿਵਰੀ ਨੌਜਵਾਨ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ ਜਿਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ।
ਪਿਛਲੇ 15 ਦਿਨਾਂ ਵਿੱਚ ਉਸ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ 72 ਪਰਿਵਾਰਾਂ ਨੂੰ ਘਰ-ਘਰ ਜਾ ਕੇ ਪੀਜ਼ਾ ਡਿਲੀਵਰ ਕੀਤੇ। ਸਾਰੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਉਨ੍ਹਾਂ ਦੀ ਨਿਗਰਾਨੀ ਕਰ ਰਿਹਾ ਹੈ।
ਨੌਜਵਾਨ ਨੂੰ ਆਰਐਮਐਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਖਣੀ ਦਿੱਲੀ ਦੇ ਜ਼ਿਲ੍ਹਾ ਕੁਲੈਕਟਰ ਬੀ ਐਮ ਮਿਸ਼ਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਕੋਰੋਨਾ ਪੀੜਤ ਪੀਜ਼ਾ ਡਿਲਿਵਰੀ ਨੌਜਵਾਨ ਨੇ ਹੌਜ਼ ਖਾਸ, ਮਾਲਵੀਆ ਨਗਰ, ਸਵਿਤਰੀ ਨਗਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਪੀਜ਼ਾ ਦਿੱਤਾ। ਪ੍ਰਸ਼ਾਸਨ ਨੇ ਮਾਮਲੇ ਦਾ ਖੁਲਾਸਾ ਹੋਣ ਬਾਅਦ 20 ਪੀਜ਼ਾ ਡਿਲੀਵਰੀ ਨੌਜਵਾਨਾਂ ਨੂੰ ਛਤਰਪੁਰ ਵਿਖੇ ਕੁਆਰੰਟੀਨ ਸੈਂਟਰ ਵਿੱਚ ਰੱਖਿਆ ਗਿਆ ਹੈ।