ਨਵੀਂ ਦਿੱਲੀ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਨਾਲ ਗ੍ਰਿਫਤਾਰ ਕੀਤੇ ਗਏ ਡੀਐਸਪੀ (ਮੁਅੱਤਲ) ਦਵਿੰਦਰ ਸਿੰਘ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਨਆਈਏ ਨੇ ਦਵਿੰਦਰ ਸਿੰਘ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸੂਤਰਾਂ ਮੁਤਾਬਿਕ ਐਨਆਈਏ ਦਵਿੰਦਰ ਸਿੰਘ ਨੂੰ ਪੁੱਛਗਿੱਛ ਲਈ ਦਿੱਲੀ ਲੈ ਕੇ ਆਵੇਗੀ।
ਡੀਐਸਪੀ 'ਤੇ ਅੱਤਵਾਦੀਆਂ ਨਾਲ ਮਿਲੀਭੁਗਤ ਕਰਨ ਅਤੇ ਉਨ੍ਹਾਂ ਨੂੰ ਦੇਸ਼ ਦੇ ਹੋਰ ਹਿੱਸਿਆਂ ਤੱਕ ਪਹੁੰਚਣ 'ਚ ਮਦਦ ਕਰਨ ਦਾ ਦੋਸ਼ ਹੈ। ਇਸ ਮਾਮਲੇ ਨੂੰ ਐਨਆਈਏ ਦੇ ਹਵਾਲੇ ਕਰਨ ਤੋਂ ਪਹਿਲਾਂ ਜੰਮੂ ਅਤੇ ਦਿੱਲੀ 'ਚ ਜ਼ਰੂਰੀ ਕਾਂਗਜ਼ੀ ਕਾਰਵਾਈ ਕੀਤੀ ਗਈ।
ਕੀ ਹੈ ਮਾਮਲਾ?
ਜੰਮੂ ਕਸ਼ਮੀਰ ਪੁਲਿਸ ਨੇ ਦਵਿੰਦਰ ਸਿੰਘ ਨੂੰ ਬੀਤੀ 11 ਜਨਵਰੀ ਨੂੰ ਨੈਸ਼ਨਲ ਹਾਈਵੇਅ 'ਤੇ ਮੀਰ ਬਜ਼ਾਰ ਵਿਖੇ ਤਿੰਨ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਦਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਸ 'ਤੇ ਦੋਸ਼ ਹੈ ਕਿ ਉਸ ਨੇ ਤਿੰਨ ਅੱਤਵਾਦੀਆਂ ਨੂੰ ਬਦਾਮੀ ਬਾਗ ਛਾਉਣੀ ਖੇਤਰ 'ਚ ਫ਼ੌਜ ਦੀ 16ਵੀਂ ਕੋਰ ਦੇ ਮੁੱਖ ਦਫ਼ਤਰ ਨੇੜੇ ਆਪਣੀ ਰਿਹਾਇਸ਼' 'ਚ ਪਨਾਹ ਦਿੱਤੀ ਸੀ ਅਤੇ ਅੱਤਵਾਦੀਆਂ ਨੂੰ ਭਜਾਉਣ ਦੀ ਫਿਰਾਕ 'ਚ ਸੀ।
ਦਵਿੰਦਰ ਸਿੰਘ ਦੇ ਨਾਲ ਇਨ੍ਹਾਂ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।ਦਵਿੰਦਰ ਸਿੰਘ ਨਾਲ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਹਿਜ਼ਬੁਲ ਮੁਜ਼ਾਹਿਦੀਨ ਦੇ ਨਵੀਦ ਬਾਬੂ ਅਤੇ ਅਲਤਾਫ਼ ਵਜੋਂ ਹੋਈ ਹੈ।