ਨਵੀਂ ਦਿੱਲੀ: ਸੱਤਿਆਗ੍ਰਹਿ, ਮਹਾਤਮਾ ਗਾਂਧੀ ਦਾ ਰਾਜਨੀਤਿਕ ਅਤੇ ਸਮਾਜਿਕ ਕਾਰਕੁੰਨਾਂ ਵੱਲੋਂ ਲਹੂ ਵਹਾਏ ਬਿਨ੍ਹਾਂ ਕਿਸੇ ਵੀ ਤਰ੍ਹਾਂ ਦੇ ਅਨਿਆਂ ਵਿਰੁੱਧ ਲੜਨ ਵਿਚ ਵਿਲੱਖਣ ਯੋਗਦਾਨ ਸੀ। ਬਹੁਤ ਹੱਦ ਤੱਕ ਅਹਿੰਸਾਵਾਦੀ ਸੱਤਿਆਗ੍ਰਹਿ ਦੇ ਜ਼ਰੀਏ ਹੀ ਭਾਰਤ ਨੇ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਹਾਸਲ ਕੀਤੀ ਸੀ। ਸੱਤਿਆਗ੍ਰਹਿ ਨੇ ਲੱਖਾਂ ਨਿਹੱਥੇ ਆਦਮੀ ਅਤੇ ਔਰਤਾਂ ਨੂੰ ਬ੍ਰਿਟੇਨ ਦੇ ਸ਼ਾਹੀ ਸ਼ਾਸਨ ਵਿਰੁੱਧ ਬਗਾਵਤ ਕਰਨ ਦੇ ਯੋਗ ਬਣਾਇਆ। ਸੱਤਿਆਗ੍ਰਹਿ ਅੰਦੋਲਨ ਰਾਹੀਂ ਹੀ ਲੋਕਾਂ 'ਚ ਇਹ ਆਤਮ-ਵਿਸ਼ਵਾਸ ਆਇਆ ਕਿ ਉਹ ਅੰਗਰੇਜ਼ਾਂ ਨੂੰ ਕਹਿ ਸਕਣ ‘ਭਾਰਤ ਛੱਡੋ'।
1857 ਅਤੇ ਉਸ ਤੋਂ ਬਾਅਦ ਬ੍ਰਿਟਿਸ਼ ਸ਼ਾਸਕਾਂ ਨੂੰ ਹਰਾਉਣ ਲਈ ਪਿਛਲੇ ਸਮੇਂ ਦੌਰਾਨ ਹਿੰਸਕ ਕੋਸ਼ਿਸ਼ਾਂ ਹੋਈਆਂ ਸਨ। ਪਹਿਲੀ ਵੱਡੀ ਕੋਸ਼ਿਸ਼ ਮੰਗਲ ਪਾਂਡੇ ਦੀ ਅਗਵਾਈ ਵਾਲੇ ਸਿਪਾਹੀਆਂ ਵੱਲੋਂ ਕੀਤੀ ਗਈ ਬਗਾਵਤ ਸੀ। ਇਸ ਬਗਾਵਤ ਨੂੰ ਅੰਗਰੇਜ਼ਾਂ ਨੇ ਬੇਰਹਿਮੀ ਨਾਲ ਦਰੜ ਦਿੱਤਾ ਸੀ। ਆਖਰੀ ਮੁਗਲ ਸਮਰਾਟ ਬਹਾਦੁਰ ਸ਼ਾਹ ਜ਼ਫਰ ਨੂੰ ਗ੍ਰਿਫਤਾਰ ਕਰਕੇ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਉਥੇ ਹੀ ਚਟਗਾਂਵ ਦੀ ਹਥਿਆਰਬੰਦ ਬਗਾਵਤ ਨੂੰ ਵੀ ਤੁਰੰਤ ਕੁਚਲ ਦਿੱਤਾ ਗਿਆ। ਖੁਦੀਰਾਮ ਬੋਸ ਵਰਗੇ ਵਿਅਕਤੀਗਤ ਇਨਕਲਾਬੀਆਂ ਨੇ ਵੀ ਬ੍ਰਿਟਿਸ਼ ਵਿਰੁੱਧ ਹਥਿਆਰ ਚੁੱਕ ਲਏ ਸਨ। ਇਹ ਮਹਾਨ ਕੁਰਬਾਨੀ ਅਤੇ ਬਹਾਦਰੀ ਦੇ ਕੰਮ ਸਨ। ਹਾਲਾਂਕਿ, ਵੱਡੇ ਪੱਧਰ 'ਤੇ ਲੋਕਾਂ ਨੇ ਉਨ੍ਹਾਂ ਦੇ ਉਦੇਸ਼ਾਂ ਪ੍ਰਤੀ ਹਮਦਰਦੀ ਰੱਖੀ, ਪਰ ਇਹਨਾਂ ਵਿਅਕਤੀਗਤ ਇਨਕਲਾਬੀਆਂ ਲਈ ਰੈਲੀ ਕਰਨ ਦੀ ਹਿੰਮਤ ਨਹੀਂ ਕਰ ਸਕੇ।
ਦੱਖਣੀ ਅਫਰੀਕਾ 'ਚ ਸਫਲ ਸੱਤਿਆਗ੍ਰਹਿ ਅੰਦੋਲਨ
ਦੱਖਣੀ ਅਫਰੀਕਾ ਦੀ ਨਸਲੀ ਗੋਰੀ ਸਰਕਾਰ ਵਿਰੁੱਧ ਸਫਲਤਾਪੂਰਵਕ ਸੱਤਿਆਗ੍ਰਹਿ ਅੰਦੋਲਨ ਚਲਾਉਣ ਤੋਂ ਬਾਅਦ, ਮਹਾਤਮਾ ਗਾਂਧੀ ਨੇ 1915 ਵਿਚ ਭਾਰਤ ਪਰਤਣ ਮਗਰੋਂ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਲੋਕ ਲਹਿਰ ਚਲਾਉਣ ਲਈ ਲੱਖਾਂ ਨਿਹੱਥੇ ਮਰਦਾਂ ਅਤੇ ਔਰਤਾਂ ਨੂੰ ਜੁਟਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਵਿਚ ਸੱਤਿਆਗ੍ਰਹਿ ਦਾ ਉਨ੍ਹਾਂ ਦਾ ਪਹਿਲਾ ਪ੍ਰਯੋਗ 1917 ਵਿਚ ਬਿਹਾਰ ਦੇ ਚੰਪਾਰਨ ਵਿਚ ਨੀਲ ਦੀ ਖੇਤੀ ਦੇ ਵਿਸ਼ਾਲ ਸ਼ੋਸ਼ਣ ਪ੍ਰਣਾਲੀ ਦੇ ਵਿਰੁੱਧ ਕੀਤਾ ਗਿਆ ਸੀ। ਚੰਪਾਰਨ ਸੱਤਿਆਗ੍ਰਹਿ ਦੇ ਨਤੀਜੇ ਵਜੋਂ ਲਾਜ਼ਮੀ ਨੀਲ ਦੀ ਖੇਤੀ ਖ਼ਤਮ ਕੀਤੀ ਗਈ ਅਤੇ ਲੋਕਾਂ ਨੂੰ ਅਹਿੰਸਾ ਦੀ ਪ੍ਰਭਾਵਸ਼ੀਲਤਾ ਪਤਾ ਲੱਗੀ।
ਆਮ ਲੋਕਾਂ ਦੀ ਬਣਿਆ ਤਾਕਤ
ਦੇਸ਼ ਦੇ ਆਮ ਲੋਕਾਂ ਨੂੰ ਅਹਿਸਾਸ ਹੋਇਆ ਕਿ ਉਹ ਵੀ ਬੰਦੂਕ ਜਾਂ ਬੰਬ ਸੁੱਟੇ ਬਿਨਾਂ ਸ਼ਕਤੀਸ਼ਾਲੀ ਬ੍ਰਿਟਿਸ਼ ਰਾਜ ਨੂੰ ਚੁਣੌਤੀ ਦੇ ਸਕਦੇ ਹਨ। ਸੱਤਿਆਗ੍ਰਹਿ ਆਮ ਆਦਮੀ ਦਾ ‘ਹਥਿਆਰ’ ਬਣ ਗਿਆ। ਚੰਪਾਰਨ ਦੇ ਸੱਤਿਆਗ੍ਰਹਿ ਤੋਂ ਤੁਰੰਤ ਬਾਅਦ ਮੌਲਾਨਾ ਭਰਾਵਾਂ ਸ਼ੌਕਤ ਅਲੀ ਅਤੇ ਮੁਹੰਮਦ ਅਲੀ ਦੀ ਅਗਵਾਈ ਵਿਚ ਖਿਲਾਫ਼ਤ ਲਹਿਰ ਆਈ, ਜਿਸ ਵਿਚ ਵੱਡੀ ਗਿਣਤੀ ਵਿਚ ਮੁਸਲਮਾਨਾਂ ਨੇ ਹਿੱਸਾ ਲਿਆ। ਮਹਾਤਮਾ ਗਾਂਧੀ ਨੇ ਅਲੀ ਭਰਾਵਾਂ ਨੂੰ ਆਪਣਾ ਪੂਰਾ ਸਮਰਥਨ ਦਿੱਤਾ, ਜਿਸ ਕਾਰਨ ਖਿਲਾਫ਼ਤ ਅੰਦੋਲਨ, ਭਾਵੇਂ ਕਿ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ, ਅਹਿੰਸਕ ਹੀ ਰਿਹਾ। ਖਿਲਾਫ਼ਤ ਇਕ ਰਾਸ਼ਟਰਵਾਦੀ ਲਹਿਰ ਸੀ ਜਿਸ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਮਿਸਾਲੀ ਏਕਤਾ ਵੇਖੀ, ਇਹ ਹੀ ਏਕਤਾ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ ਸਿਪਾਹੀਆਂ ਦੇ ਬਗਾਵਤ ਦੇ ਰੂਪ ਵਿਚ ਦੇਖਣ ਨੂੰ ਮਿਲੀ ਸੀ।
ਦੱਖਣੀ ਅਫਰੀਕਾ ਵਿਚ ਰਹਿਣ ਦੌਰਾਨ ਹੀ ਗਾਂਧੀ ਜੀ ਨੂੰ ਅਹਿਸਾਸ ਹੋਇਆ ਸੀ ਕਿ ਗੋਰਿਆਂ ਦੇ ਤਾਨਾਸ਼ਾਹੀ ਸ਼ਾਸਨ ਰਾਹੀਂ ਚਲਾਏ ਜਾ ਰਹੇ ਨਸਲੀ ਵਿਤਕਰੇ ਵਿਰੁੱਧ ਲੜਾਈ ਲਈ ਲੋਕਾਂ ਦੀ ਹਮਾਇਤ ਜੁਟਾਉਣ ਲਈ ਸਤਿਆਗ੍ਰਹਿ ਇਕ ਪ੍ਰਭਾਵਸ਼ਾਲੀ ਰਣਨੀਤੀ ਹੈ। ਸੱਤਿਆਗ੍ਰਹਿ ਵਜੋਂ ਪਹਿਲੀ ਅਦਾਲਤ ਦੀ ਗ੍ਰਿਫਤਾਰੀ ਵਿਚ ਉਨ੍ਹਾਂ ਦੀ ਪਤਨੀ ਕਸਤੂਰਬਾ ਮਹੱਤਵਪੂਰਣ ਸੀ। ਇਹ ਅਹਿੰਸਾਵਾਦੀ ਸੱਤਿਆਗ੍ਰਹਿ ਹੀ ਸੀ, ਜਿਸ ਕਾਰਨ ਗਾਂਧੀ ਜੀ ਵੱਲੋਂ 1917 ਤੋਂ 1942 ਦਰਮਿਆਨ ਚਲਾਏ ਗਏ ਸਾਰੀਆਂ ਸੱਤਿਆਗ੍ਰਹਿ ਲਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ।
ਸੱਤਿਆਗ੍ਰਹਿ ਲਈ ਅਨੁਸ਼ਾਸਨ ਦੀ ਲੋੜ
ਗਾਂਧੀ ਜੀ ਨੂੰ ਪੂਰਾ ਯਕੀਨ ਸੀ ਕਿ ਸੱਤਿਆਗ੍ਰਹਿ ਵਿਚ ਹਿੱਸਾ ਲੈਣ ਵਾਲਿਆਂ ਨੂੰ ਬਹੁਤ ਜ਼ਿਆਦਾ ਅਨੁਸ਼ਾਸਿਤ ਹੋਣ ਦੀ ਜ਼ਰੂਰਤ ਹੈ ਅਤੇ ਇਸ ਲਈ ਉਨ੍ਹਾਂ ਆਪਣੇ ਰਸਾਲਿਆਂ, ਯੰਗ ਇੰਡੀਆ, ਹਰਿਜਨ ਅਤੇ ਨਵਜੀਵਨ ਰਾਹੀਂ ਤੇ ਆਪਣੇ ਭਾਸ਼ਣਾਂ ਅਤੇ ਲੇਖਾਂ ਰਾਹੀਂ ਲੋਕਾਂ ਨੂੰ ਸਿਖਿਅਤ ਕੀਤਾ। ਉਨ੍ਹਾਂ ਨੇ ਅਸਲ ਵਿੱਚ ਗੁਜਰਾਤ ਵਿਦਿਆਪੀਠ, ਉਹ ਯੂਨੀਵਰਸਿਟੀ ਜਿਸਦੀ ਸਥਾਪਨਾ ਗਾਂਧੀ ਜੀ ਨੇ 1920 ਵਿੱਚ ਕੀਤੀ ਸੀ, ਨੂੰ ਸੱਤਿਆਗ੍ਰਹਿ ਦੇ ਸਿਖਲਾਈ ਕੇਂਦਰ ਵਿੱਚ ਤਬਦੀਲ ਕਰ ਦਿੱਤਾ। ਗੁਜਰਾਤ ਵਿਦਿਆਪੀਠ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨਮਕ ਸਤਿਆਗ੍ਰਹਿ ਅਤੇ ਜ਼ਿਆਦਾਤਰ ਹੋਰ ਪ੍ਰਮੁੱਖ ਸੱਤਿਆਗ੍ਰਹਿ ਅੰਦੋਲਨਾਂ ਵਿਚ ਹਿੱਸਾ ਲਿਆ।
ਸੱਤਿਆਗ੍ਰਹਿ ਦੀ ਖੂਬਸੂਰਤੀ ਇਹ ਸੀ ਕਿ ਗਾਂਧੀ ਜੀ ਦੇ ਬਹੁਤ ਸਾਰੇ ਵਿਰੋਧੀ, ਬ੍ਰਿਟਿਸ਼, ਉਨ੍ਹਾਂ ਦੇ ਦੋਸਤ ਬਣ ਗਏ। ਗਾਂਧੀ ਜੀ ਦੇ ਵਿਸ਼ਵ ਭਰ ਵਿੱਚ ਹਜ਼ਾਰਾਂ ਪ੍ਰਸ਼ੰਸਕ ਸਨ। ਗਾਂਧੀ ਜੀ ਦੇ ਜੀਵਨ ਅਤੇ ਫ਼ਲਸਫ਼ੇ ਨੇ ਨਾ ਸਿਰਫ ਭਾਰਤ ਬਲਕਿ ਕਈ ਹੋਰ ਦੇਸ਼ਾਂ ਵਿਚ ਵੀ ਸਮਾਜਿਕ ਅਤੇ ਰਾਜਨੀਤਿਕ ਵਰਕਰਾਂ ਨੂੰ ਪ੍ਰੇਰਿਤ ਕੀਤਾ। ਗਾਂਧੀ ਜੀ ਨੂੰ ਉਨ੍ਹਾਂ ਦੀ ਪ੍ਰੇਰਣਾ ਮੰਨਣ ਵਾਲਿਆਂ ਵਿਚ ਦੱਖਣੀ ਅਫਰੀਕਾ ਦੇ ਸੁਤੰਤਰਤਾ ਸੈਨਾਨੀ ਅਤੇ ਰਾਸ਼ਟਰਪਤੀ ਨੈਲਸਨ ਮੰਡੇਲਾ ਅਤੇ ਅਮਰੀਕੀ ਅਧਿਕਾਰਾਂ ਦੇ ਆਗੂ ਮਾਰਟਿਨ ਲੂਥਰ ਕਿੰਗ ਵੀ ਸ਼ਾਮਲ ਸਨ।
ਗਾਂਧੀ ਜੀ ਵੱਲੋਂ ਕੀਤਾ ਗਏ ਸੱਤਿਆਗ੍ਰਹਿ ਦੀ ਧਾਰਨਾ ਅਤੇ ਅਹਿੰਸਾ ਦਾ ਪ੍ਰਚਾਰ, ਸਾਦਾ ਜੀਵਨ, ਕੁਦਰਤ ਨਾਲ ਸਾਂਝ, ਸਹਿਕਾਰੀ ਭਾਈਚਾਰੇ ਦੀ ਜ਼ਿੰਦਗੀ, ਦਬਿਆਂ ਨੂੰ ਉਪਰ ਚੁੱਕਣ ਅਤੇ ਔਰਤਾਂ ਦੀ ਆਜ਼ਾਦੀ ਦੇ ਵਿਚਾਰ ਨਾਲ ਨੇੜਿਓਂ ਜੁੜਿਆ ਹੋਇਆ ਸੀ।
ਪੂੰਜੀਵਾਦ ਅਤੇ ਸਾਮਵਾਦ ਦੀਆਂ ਦੋ ਧੁਰ ਵਿਰੋਧੀ ਵਿਚਾਰਧਾਰਾਵਾਂ ਵਿੱਚ ਵੰਡੀ ਹੋਈ ਦੁਨੀਆ ਵਿੱਚ, ਗਾਂਧੀ ਜੀ ਨੇ ‘ਹਿੰਦੀ ਸਵਰਾਜ’, ਇੱਕ ਸਵੈ-ਨਿਰਭਰ ਸਮਾਜ ਅਧਾਰਤ ਸਹਿਯੋਗ ਅਤੇ ਸਦਭਾਵਨਾ ਦਾ ਵਿਚਾਰ, ਪੇਸ਼ ਕੀਤਾ।