ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋਵੇਗੀ। ਇਸ ਦੇ ਲਈ ਬੀਤੇ ਦਿਨ ਸ਼ਾਮ ਚੋਣ ਪ੍ਰਚਾਰ ਖ਼ਤਮ ਹੋ ਗਿਆ। ਚੋਣਾਂ ਦੇ ਮੱਦੇਨਜ਼ਰ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 90 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਸੁਰੱਖਿਆ ਲਈ ਕਈ ਕੰਪਨੀਆਂ ਸਥਾਪਤ
ਦਿੱਲੀ ਪੁਲਿਸ ਸਣੇ ਸੁਰੱਖਿਆ ਲਈ ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਅਤੇ ਵੱਖ-ਵੱਖ ਸੂਬਿਆਂ ਦੇ ਹੋਮ ਗਾਰਡ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਰਾਹੀਂ ਸੰਵੇਦਨਸ਼ੀਲ ਬੂਥਾਂ 'ਤੇ ਨਜ਼ਰ ਰੱਖੀ ਜਾਵੇਗੀ।
ਦਿੱਲੀ ਪੁਲਿਸ ਪੂਰੀ ਤਰ੍ਹਾਂ ਤਿਆਰ
ਦਿੱਲੀ ਪੁਲਿਸ ਦੇ ਐਡੀਸ਼ਨਲ ਕਮਿਸ਼ਨਰ ਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਦਿੱਲੀ ਪੁਲਿਸ ਚੋਣ ਵਾਲੇ ਦਿਨ ਪੋਲਿੰਗ ਬੂਥਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਪੁਲਿਸ ਅਤੇ ਸੀਆਰਪੀਐਫ ਦੀ ਜ਼ਿੰਮੇਵਾਰੀ ਬੂਥ ਦੇ ਬਾਹਰ ਤੋਂ ਅੰਦਰ ਤੱਕ ਹੋਵੇਗੀ। ਇਸ ਦੇ ਨਾਲ ਹੀ ਹੋਰਨਾਂ ਸੂਬਿਆਂ ਤੋਂ ਹੋਮਗਾਰਡ ਦੇ ਜਵਾਨਾਂ ਨੂੰ ਸੁਰੱਖਿਆ ਅਤੇ ਲੋਕਾਂ ਦੀ ਮਦਦ ਲਈ ਤਾਇਨਾਤ ਕੀਤਾ ਗਿਆ ਹੈ।
190 ਅਰਧ ਸੈਨਿਕ ਬਲ ਤਾਇਨਾਤ
ਸੁਰੱਖਿਆ ਦੇ ਮੱਦੇਨਜ਼ਰ ਦਿੱਲੀ ਪੁਲਿਸ ਦੇ 50 ਹਜ਼ਾਰ ਜਵਾਨਾਂ ਨੂੰ ਵੱਖ-ਵੱਖ ਪੋਲਿੰਗ ਬੂਥਾਂ 'ਤੇ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤੱਕ 150 ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਦਿੱਲੀ ਪੁਲਿਸ ਦੀ ਮਦਦ ਲਈ ਪਹੁੰਚ ਗਈਆਂ ਹਨ। 19 ਹਜ਼ਾਰ ਹੋਮਗਾਰਡਾਂ ਅਤੇ ਮਹਿਲਾ ਪੁਲਿਸ ਨੂੰ ਵੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਲਈ ਕੁੱਲ 90 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਚੋਣ ਕਮਿਸ਼ਨ ਰੱਖੇਗਾ ਨਜ਼ਰ
ਦਿੱਲੀ 'ਚ ਵੋਟਿੰਗ ਵਾਲੇ ਦਿਨ, ਚੋਣ ਕਮਿਸ਼ਨ ਦੀ ਟੀਮ ਵੀ ਸੁਰੱਖਿਆ ਲਈ ਪੋਲਿੰਗ ਬੂਥਾਂ ਦੀ ਲੋਕੇਸ਼ਨ ਤੇ ਹਰ ਕਾਰਵਾਈ 'ਤੇ ਨਜ਼ਰ ਰੱਖੇਗਾ। ਇਸ ਦੇ ਲਈ, ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ 'ਚ ਇੱਕ ਵਿਸ਼ੇਸ਼ ਨਿਗਰਾਨੀ ਕਮਰਾ ਬਣਾਇਆ ਗਿਆ ਹੈ, ਜਿਥੇ ਅਧਿਕਾਰੀਆਂ ਦੀ ਇੱਕ ਟੀਮ ਨਿਗਰਾਨੀ ਪੋਲਿੰਗ ਬੂਥਾਂ ਦੀ ਨਿਗਰਾਨੀ ਕਰੇਗੀ। ਇਥੇ, ਦਿੱਲੀ ਦੇ ਸਾਰੇ ਨਾਜ਼ੁਕ ਅਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਤੋਂ ਰੀਅਲ ਟਾਈਮ ਫੀਡ ਅਪਡੇਟਸ ਕੀਤੇ ਜਾਣਗੇ।
ਸਵੇਰੇ 4 ਵਜੇ ਤੋਂ ਸ਼ੁਰੂ ਹੋਵੇਗੀ ਡੀਟੀਸੀ ਬੱਸ ਸੇਵਾ
ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਨੇ 8 ਫਰਵਰੀ ਨੂੰ ਸਵੇਰੇ 4 ਵਜੇ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਚੋਣ ਡਿਊਟੀ 'ਤੇ ਤਾਇਨਾਤ ਅਧਿਕਾਰੀ ਆਪਣੇ ਨਿਰਧਾਤ ਸਮੇਂ 'ਤੇ ਪੋਲਿੰਗ ਬੂਥ ਪਹੁੰਚ ਸਕਣ ਤੇ ਵੋਟਰਾਂ ਨੂੰ ਦਿੱਕਤ ਨਾ ਹੋਵੇ। ਕਾਰਪੋਰੇਸ਼ਨ ਵੱਲੋਂ ਅਜਿਹੇ 35 ਰੂਟਾਂ ਦੀ ਪਛਾਣ ਕੀਤੀ ਗਈ ਹੈ ਜਿਥੇ ਵਿਸ਼ੇਸ਼ ਸਹੂਲਤ ਦਿੱਤੀ ਜਾਵੇਗੀ।