ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਜਨਮ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਜ ਪ੍ਰਧਾਨ ਮੰਤਰੀ ਮੋਦੀ ਲਖਨਊ ਵਿਖੇ ਉਨ੍ਹਾਂ ਦੇ ਕਾਂਸੀ ਦੇ ਬੁੱਤ ਦਾ ਉਦਘਾਟਨ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ, 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ 'ਚ ਹੋਇਆ ਸੀ। ਉਹ ਰਾਜਨੇਤਾ ਹੋਣ ਦੇ ਨਾਲ-ਨਾਲ ਬਿਹਤਰੀਨ ਕਵੀ ਤੇ ਲੇਖਕ ਵੀ ਸਨ। ਉਨ੍ਹਾਂ ਦੀਆਂ ਕਵਿਤਾਵਾਂ ਦੇ ਚਰਚੇ ਦੇਸ਼ਭਰ ਵਿੱਚ ਮਸ਼ਹੂਰ ਸਨ।
ਅਟਲ ਬਿਹਾਰੀ 1996 ਨੂੰ 13 ਦਿਨਾਂ ਲਈ ਪ੍ਰਧਾਨ ਮੰਤਰੀ ਬਣੇ ਤੇ ਅਹੁਦੇ ਨੂੰ ਛੱਡਦਿਆਂ ਉਨ੍ਹਾਂ ਨੇ ਭਗਵਾਨ ਰਾਮ ਦੇ ਵਚਨ ਦੁਹਰਾਏ ਸਨ ਕਿ ‘ਮੈਂ ਮੌਤ ਤੋਂ ਨਹੀਂ ਡਰਦਾ, ਡਰਦਾ ਹਾਂ ਤਾਂ ਬਦਨਾਮੀ ਤੋਂ।’ ਉਸ ਤੋਂ ਬਾਅਦ ਸਾਲ 1998 ਤੋਂ 1999 ਤੱਕ ਯਾਨੀ 13 ਮਹੀਨਿਆਂ ਲਈ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਤੀਜੀ ਵਾਰ ਸਾਲ 1999 ਤੋਂ 2004 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ। ਉਨ੍ਹਾਂ ਸਾਲ 2009 'ਚ ਰਾਜਨੀਤੀ ਤੋਂ ਸੰਨਿਆਸ ਲਿਆ ਸੀ। ਅਟਲ ਬਿਹਾਰੀ ਵਾਜਪਾਈ ਦੂਜੇ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਵਾਰ ਲੋਕ ਸਭਾ ਚੋਣ ਜਿੱਤੀ। ਉਹ 10 ਵਾਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ ਜਦਕਿ ਸੀਪੀਆਈ ਦੇ ਇੰਦਰਜੀਤ ਗੁਪਤਾ ਨੇ 11 ਵਾਰ ਲੋਕ ਸਭਾ ਚੋਣ ਜਿੱਤੀ ਸੀ।
ਵਾਜਪਾਈ ਦੀਆਂ ਕਵਿਤਾਵਾਂ ਨੂੰ ਅੱਜ ਵੀ ਕੀਤਾ ਜਾਂਦਾ ਹੈ ਯਾਦ
ਅਟਲ ਬਿਹਾਰੀ ਵਾਜਪਾਈ ਨੇ ਪਹਿਲਾਂ ਗਵਾਲੀਅਰ ਦੇ ਵਿਕਟੋਰੀਅਲ ਕਾਲਜ ਤੋਂ ਬੀਏ ਕੀਤੀ ਤੇ ਫਿਰ ਕਾਨਪੁਰ ਦੇ ਡੀਏਵੀ ਕਾਲਜ ਤੋਂ ਰਾਜਨੀਤੀ ਸ਼ਾਸਤਰ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਕਾਨਪੁਰ 'ਚ ਹੀ ਉਨ੍ਹਾਂ ਐਲਐਲਬੀ ਦੀ ਪੜ੍ਹਾਈ ਕੀਤੀ। ਇਸ ਦਰਮਿਆਨ ਉਹ ਐਲਐਲਬੀ ਦੀ ਪੜ੍ਹਾਈ ਛੱਡ ਕੇ ਪੱਤਰਕਾਰੀ ਤੇ ਸਰਵਜਨਕ ਕੰਮਾਂ 'ਚ ਲੱਗ ਗਏ। ਵਾਜਪਾਈ ਨੂੰ ਕਵਿਤਾ ਲਿਖਣ ਦਾ ਸ਼ੋਕ ਸੀ ਪਰ ਉਨ੍ਹਾਂ ਨੇ ਕਦੇ ਵੀ ਕਵੀ ਬਣਨਾ ਨਹੀਂ ਚਾਹਿਆ। ਪਰ ਉਨ੍ਹਾਂ ਦੀ ਕਲਮ ਤੋਂ ਲਿਖਿਆਂ ਗਈਆਂ ਕਈ ਕਵਿਤਾਵਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ।
ਭਾਰਤ ਛੱਡੋ ਅੰਦੋਲਨ 'ਚ ਲਿਆ ਸੀ ਹਿੱਸਾ
ਅਟਲ ਬਿਹਾਰੀ ਵਾਜਪਾਈ ਤੇ ਉਨ੍ਹਾਂ ਦੇ ਭਰਾ ਨੇ ਮਹਾਤਮਾ ਗਾਂਧੀ ਨਾਲ ਜੁੜ ਕੇ ਭਾਰਤ ਛੱਡੋ ਅੰਦੋਲਨ 'ਚ ਹਿੱਸਾ ਲਿਆ ਸੀ। ਜਿਸ ਕਾਰਨ ਉਨ੍ਹਾਂ ਨੂੰ 23 ਦਿਨ ਜੇਲ੍ਹ ਭੇਜਿਆ ਗਿਆ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 18 ਸਾਲ ਸੀ। ਇਸ ਘਟਨਾ ਤੋਂ ਬਾਅਦ ਹੀ ਉਨ੍ਹਾਂ ਰਾਜਨੀਤੀ 'ਚ ਆਉਣ ਦਾ ਫੈਸਲਾ ਲਿਆ ਸੀ।
ਵਾਜਪਾਈ ਨੂੰ ਭਾਰਤ ਰਤਨ ਨਾਲ ਕੀਤਾ ਗਿਆ ਸੀ ਸਨਮਾਨਤ
25 ਦਸੰਬਰ, 2014 ਨੂੰ ਵਾਜਪਾਈ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਦੇਸ਼ ਦਾ ਸਭ ਤੋਂ ਵੱਡਾ ਪੁਰਸਕਾਰ 'ਭਾਰਤ ਰਤਨ' ਦੇਣ ਦਾ ਐਲਾਨ ਕੀਤਾ ਗਿਆ ਸੀ। 27 ਮਾਰਚ, 2015 ਨੂੰ ਖੁਦ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ 'ਭਾਰਤ ਰਤਨ' ਦੇਣ ਅਟਲ ਜੀ ਦੇ ਘਰ ਪਹੁੰਚੇ ਸਨ।
ਅਟਲ ਬਿਹਾਰੀ ਵਾਜਪਾਈ ਨੇ ਨਹੀਂ ਕਰਵਾਇਆ ਸੀ ਵਿਆਹ
ਵਾਜਪਾਈ ਨੇ ਦੇਸ਼ ਦੀ ਭਲਾਈ ਲਈ ਆਪਣਾ ਜੀਵਨ ਤੇ ਇਕ ਰਾਸ਼ਟਰੀ ਸਵੈ ਸੇਵਕ ਪ੍ਰਚਾਰਕ ਦੇ ਤੌਰ 'ਤੇ ਪੂਰਾ ਜੀਵਨ ਵਿਆਹ ਨਾ ਕਰਾਉਣ ਦਾ ਫੈਸਲਾ ਲਿਆ ਸੀ। ਰਾਸ਼ਟਰੀ ਸਵੈ ਸੇਵਕ ਸੰਘ 'ਚ ਸ਼ਾਮਲ ਹੋਣ ਤੋਂ ਪਹਿਲਾਂ ਵਾਜਪਾਈ ਸਾਮਯਵਾਦ ਤੋਂ ਪ੍ਰਭਾਵਿਤ ਸਨ। ਬਾਅਦ 'ਚ ਬਾਬਾ ਸਾਹਿਬ ਆਪਟੇ ਤੋਂ ਪ੍ਰਭਾਵਿਤ ਹੋ ਕੇ ਉਹ ਸਾਲ 1939 'ਚ ਆਰਐਸਐਸ ਨਾਲ ਜੁੜੇ।
16 ਅਗਸਤ 2018 ਨੂੰ ਵਾਜਪਾਈ ਦੁਨੀਆਂ ਨੂੰ ਕਹਿ ਗਏ ਸਨ ਅਲਵਿਦਾ
ਕਿਡਨੀ ਵਿੱਚ ਇਨਫੈਕਸ਼ਨ ਕਾਰਣਅਟਲ ਬਿਹਾਰੀ ਵਾਜਪਾਈ ਨੂੰ ਜੂਨ 2018 'ਚ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ। 16 ਅਗਸਤ 2018 ਨੂੰ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ।