ਜਮਸ਼ੇਦਪੁਰ : ਵਿਸ਼ਵ ਭਰ ਦੇ ਲੋਕ ਪਾਣੀ ਦੀ ਸੱਮਸਿਆ ਦਾ ਸਾਹਮਣਾ ਕਰ ਰਹੇ ਹਨ। ਪਾਣੀ ਦਾ ਜ਼ਮੀਨੀ ਪੱਧਰ ਘੱਟਣ ਨੂੰ ਲੈ ਕੇ ਅੰਤਰ ਰਾਸ਼ਟਰੀ ਜਲ ਸੰਗਠਨ ਵੀ ਚਿੰਤਾ ਪ੍ਰਗਟ ਕਰ ਰਿਹਾ ਹੈ। ਅਜਿਹੇ ਸਮੇਂ ਵਿੱਚ ਜਸਕੰਡੀ ਪਿੰਡ ਦੇ ਲੋਕਾਂ ਨੇ ਪਾਣੀ ਬਚਾਉਣ ਦੀ ਅਨੋਖੀ ਪਹਿਲ ਕੀਤੀ ਹੈ।
ਬਦਲੀ ਪਿੰਡ ਦੀ ਨੁਹਾਰ :
ਝਾਰਖੰਡ ਦੇ ਛੋਟੇ ਜਿਹੇ ਕਸਬੇ ਸਰਜਾਮਦਾ ਦਾ ਇਹ ਪਿੰਡ ਜਮਸ਼ੇਦਪੁਰ ਤੋਂ ਤਕਰੀਬਨ 20 ਕਿਲੋਮੀਟਰ ਦੂਰ ਸਥਿਤ ਹੈ। ਇੱਕ ਸਮਾਂ ਸੀ ਜਦੋਂ ਇਸ ਪਿੰਡ ਦੇ ਲੋਕ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਸਨ। ਇਥੇ ਪਾਣੀ ਦਾ ਜ਼ਮੀਨੀ ਪੱਧਰ ਘੱਟ ਜਾਣ ਕਾਰਨ ਲੋਕ ਬੇਹਦ ਪਰੇਸ਼ਾਨ ਸਨ ਅਤੇ ਪਿੰਡ ਦੇ ਹੈਂਡਪੰਪ ਅਤੇ ਨੱਲ ਵੀ ਖ਼ਰਾਬ ਹੋ ਜਾਂਦੇ ਸੀ। ਅੱਜ ਦੇ ਸਮੇਂ ਪਿੰਡਵਾਸੀਆਂ ਨੇ ਆਪਣੀ ਮਿਹਨਤ ਸਦਕਾ ਮੀਂਹ ਦਾ ਪਾਣੀ ਬਚਾ ਕੇ ਆਪਣੀ ਇਸ ਸੱਮਸਿਆ ਨੂੰ ਅਸਾਨੀ ਨਾਲ ਹੱਲ ਕਰ ਲਿਆ ਹੈ ।
ਮੀਂਹ ਦਾ ਪਾਣੀ ਬਚਾਉਣ ਦੀ ਪਹਿਲ :
ਇਥੇ ਦੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਪਾਈਪਾਂ ਲਗਾਈਆਂ ਹੋਈਆਂ ਹਨ ਜਿਨ੍ਹਾਂ ਘਰਾਂ ਦੀਆਂ ਛੱਤਾਂ ਨਾਲ ਜੋੜੀਆ ਗਿਆ ਹੈ। ਇਨ੍ਹਾਂ ਪਾਈਪਾਂ ਨੂੰ ਵੱਡੀਆਂ ਪਾਈਪਾਂ ਰਾਹੀਂ ਪਿੰਡ ਦੇ ਸੁੱਕੇ ਪਏ ਖੂਹਾਂ ਨਾਲ ਜੋੜ ਕੇ ਮੀਂਹ ਦਾ ਪਾਣੀ ਇੱਕਠਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਕੁਝ ਨਵੇਂ ਟੋਏ ਵੀ ਪੱਟੇ ਗਏ ਹਨ, ਜਿਨ੍ਹਾਂ ਵਿੱਚ ਮੀਂਹ ਦਾ ਪਾਣੀ ਇੱਕਠਾ ਕੀਤਾ ਜਾਂਦਾ ਹੈ। ਮੀਂਹ ਦਾ ਪਾਣੀ ਸੁੱਕੇ ਖੂਹਾਂ 'ਚ ਇੱਕਠਾ ਕਰਨ ਨਾਲ ਪਿੰਡ ਦੇ ਵਿੱਚ ਪਾਣੀ ਦਾ ਜ਼ਮੀਨੀ ਪੱਧਰ ਵੱਧ ਗਿਆ ਹੈ ਅਤੇ ਹੁਣ ਇਸ ਪਿੰਡ ਵਿੱਚ ਪਾਣੀ ਦੀ ਸੱਮਸਿਆ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕੀ ਹੈ।
ਨੇੜਲੇ ਇਲਾਕੇ 'ਚ ਵੀ ਹੈ ਪਾਣੀ ਦੀ ਸੱਮਸਿਆ :
ਜਸਕੰਡੀ ਪਿੰਡ ਦੇ ਨਾਲ ਲਗਦੇ ਕਈ ਹੋਰ ਇਲਾਕੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ 'ਚ ਗੋਵਿੰਦਪੁਰ ,ਜੁਗਸਲਾਈ ,ਬਾਗਬੇੜਾ ਅਤੇ ਮਾਨਗੋ ਆਦਿ ਸ਼ਾਮਲ ਹਨ। ਇਥੇ ਪਾਣੀ ਦਾ ਜ਼ਮੀਨੀ ਪੱਧਰ 400-500 ਫੁੱਟ ਹੇਠਾਂ ਜਾ ਚੁੱਕਾ ਹੈ। ਗਰਮੀ ਦੇ ਮੌਸਮ ਵਿੱਚ ਇਥੇ ਸੁੱਕਾ ਪੈ ਜਾਂਦਾ ਹੈ।
ਜਸਕੰਡੀ ਦੇ ਪਿੰਡਵਾਸੀਆਂ ਨੇ ਸਥਾਨਕ ਕੰਪਨੀ ਦੇ ਨਾਲ ਮਿਲ ਕੇ ਆਪਣੀ ਇਸ ਪਰੇਸ਼ਾਨੀ ਦਾ ਹਲ ਕਰ ਲਿਆ ਹੈ। ਪਿੰਡਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਕੰਮ ਵਿੱਚ ਸਰਕਾਰ ਸਾਥ ਦਿੰਦੀ ਹੈ ਤਾਂ ਬਾਕੀ ਇਲਾਕਿਆਂ ਵਿੱਚ ਵੀ ਇਸ ਪਰੇਸ਼ਾਨੀ ਅਸਾਨੀ ਅਤੇ ਜਲਦੀ ਹੱਲ ਕੀਤਾ ਜਾ ਸਕਦਾ ਹੈ।