ਅੰਮ੍ਰਿਤਸਰ: ਸੂਬੇ 'ਚ ਜਿਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਜਗ੍ਹਾ ਜਗ੍ਹਾ 'ਤੇ ਫਲੈਗ ਮੈਚ ਕੱਢੇ ਜਾ ਰਹੇ ਹਨ ਤੇ ਨਾਕਾਬੰਦੀ ਕੀਤੀ ਗਈ ਹੈ। ਹਰ ਆਉਣ ਜਾਣ ਵਾਲੇ ਵਹੀਕਲ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਸੁੱਰਖਿਅਤ ਮਹਿਸੂਸ ਕਰਨ ਅਤੇ ਚੋਣਾਂ ਵੇਲੇ ਬੇਖੌਫ ਹੋ ਕੇ ਵੋਟ ਕਰ ਸਕਣ,ਪਰ ਬਾਵਜੁਦ ਇਸ ਦੇ ਸ਼ਰੇਆਮ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੁਰੂ ਨਗਰੀ ਅੰਮ੍ਰਿਤਸਰ ਤੋਂ ਜਿੱਥੇ ਸ਼ਰੇਆਮ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਨੌਜਵਾਨ ਜਮਾਨਤ 'ਤੇ ਜੇਲ ਚੋਂ ਬਾਹਰ ਆਇਆ ਸੀ। ਇਸ ਦੌਰਾਨ ਉਸ ਨੂੰ ਦੋ ਨੌਜਵਾਨਾਂ ਵੱਲੋਂ ਬਲੈਰੋ ਗੱਡੀ 'ਤੇ ਸਵਾਰ ਹੋ ਕੇ ਤਿੰਨ ਦੇ ਕਰੀਬ ਗੋਲੀਆਂ ਮਾਰੀਆਂ ਗਈਆਂ ਤੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਵਾਰਦਾਤ ਅੰਮ੍ਰਿਤਸਰ ਦੇ ਬਾਈਪਾਸ 'ਤੇ ਹੋਈ ਹੈ,ਮ੍ਰਿਤਕ ਨੌਜਵਾਨ ਦੀ ਪਹਿਛਾਣ ਰੁਪਿੰਦਰ ਵਾਸੀ ਪਿੰਡ ਘਨੂਪੁਰ ਕਾਲੇ ਕੇ ਵੱਜੋਂ ਹੋਈ।
35 ਸਾਲ ਦਾ ਸੀ ਮ੍ਰਿਤਕ: ਦਿਨ ਦਿਹਾੜੇ ਹੋਈ ਇਸ ਗੋਲੀਬਾਰੀ ਦੀ ਘਟਨਾ ਨੇ ਲਾਅ ਐਂਡ ਆਰਡਰ ਦੀ ਸਥਿਤੀ 'ਤੇ ਵੱਡਾ ਸਵਾਲੀਆ ਨਿਸ਼ਾਨ ਲਾਇਆ ਹੈ। ਕਿ ਲੋਕ ਸਭਾ ਚੋਣਾਂ ਦਾ ਸਮਾਂ ਹੈ, ਜ਼ਾਬਤੇ ਅਨੁਸਾਰ ਹੱਥਿਆਰ ਪੁਲਿਸ ਨੂੰ ਜਮਾਂ ਕਰਵਾਏ ਜਾਣੇ ਚਾਹੀਦੇ ਹਨ। ਪਰ ਅਜਿਹੇ 'ਚ ਕਤਲ ਹੋਣਾ ਬੇਹੱਦ ਸ਼ਰਮਨਾਕ ਹੈ। ਇਸ ਪੁਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੋਲੀਬਾਰੀ ਮੌਕੇ ਮ੍ਰਿਤਿਕ ਦੇ ਨਾਲ ਕਾਰ 'ਚ ਮੌਜੂਦ ਸਾਥੀ ਹਰਪ੍ਰੀਤ ਨੇ ਦੱਸਿਆ ਕਿ ਮ੍ਰਿਤਿਕ ਰੁਪਿੰਦਰ ਸਾਥੀਆਂ ਸਮੇਤ ਕਾਰ 'ਤੇ ਜਾ ਰਿਹਾ ਸੀ ਕਿ ਰਸਤੇ 'ਚ ਪਹਿਲਾਂ ਤੋਂ ਹੀ ਬਲੈਰੋ ਗੱਡੀ 'ਤੇ ਇੰਤਜਾਰ ਕਰ ਰਹੇ 2 ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਉਹਨਾਂ ਦੱਸਿਆ ਕਿ ਤੁਰੰਤ ਆਪਣੇ ਜਖਮੀ ਸਾਥੀ ਨੂੰ ਨਿਜੀ ਹਸਪਤਲ 'ਚ ਲੈ ਕੇ ਗਿਆ ਜਿੱਥੇ ਡਾਕਟਰਾਂ ਵੱਲੋਂ ਰੁਪਿੰਦਰ ਨੂੰ ਮ੍ਰਿਤਿਕ ਐਲਾਨ ਦਿੱਤਾ ਗਿਆ।
ਕੁਝ ਸਮਾਂ ਪਹਿਲਾਂ ਹੀ ਜੇਲ 'ਚੋਂ ਬਾਹਰ ਆਇਆ ਸੀ ਮ੍ਰਿਤਕ: ਵਾਰਦਾਤ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਸੁੱਖਪਾਲ ਸਿੰਘ ਨੇ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਚ ਪਿੰਡ ਘੰਨੂਪੁਰ ਕਾਲੇ ਕੇ ਦੇ ਵਾਸੀ ਰੁਪਿੰਦਰ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਿਕ ਰੁਪਿੰਦਰ ਅਤੇ ਸਾਥੀਆਂ ਖਿਲਾਫ 302 ਦਾ ਮਾਮਲਾ ਦਰਜ ਸੀ ਤੇ ਕੁਝ ਦੇਰ ਪਹਿਲਾਂ ਰੁਪਿੰਦਰ ਜ਼ਮਾਨਤ 'ਤੇ ਜੇਲ ਚੋਂ ਬਾਹਰ ਆਇਆ ਸੀ। ਪੁਲਿਸ ਅਨੁਸਾਰ ਇਲਾਕੇ 'ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕਰਕੇ ਹਮਲਾਵਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।