ਲੁਧਿਆਣਾ: ਖੰਨਾ ਦੇ ਨੇੜਲੇ ਪਿੰਡ ਬੀਬੀਪੁਰ ਵਿਖੇ ਭਾਰਤੀ ਫੌਜ ਦੇ ਜਵਾਨ ਦਵਿੰਦਰ ਸਿੰਘ,ਉਮਰ 36 ਸਾਲ, ਜਿਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਦਵਿੰਦਰ ਰਾਤ ਨੂੰ ਡਿਊਟੀ 'ਤੇ ਜਾਣ ਲਈ ਆਪਣੇ ਕੱਪੜੇ ਪੈਕ ਕਰਕੇ ਸੌਂ ਗਿਆ ਸੀ ਅਤੇ ਸਵੇਰੇ ਉੱਠਿਆ ਹੀ ਨਹੀਂ। ਦੱਸਿਆ ਗਿਆ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸ਼ੱਕ ਹੈ। ਫਿਲਹਾਲ ਮੌਤ ਦੇ ਅਸਲੀ ਕਾਰਨਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉੱਥੇ ਹੀ ਦੂਜੇ ਪਾਸੇ ਦਵਿੰਦਰ ਸਿੰਘ ਦਾ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਭਾਰਤੀ ਫੌਜ ਦੀ ਇੱਕ ਟੁਕੜੀ ਨੇ ਸਲਾਮੀ ਦਿੱਤੀ। ਪਿੰਡ ਵਾਸੀਆਂ ਨੇ ਵੀ ਮ੍ਰਿਤਕ ਫੌਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਘਟਨਾ ਨਾਲ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ।
10 ਮਾਰਚ ਨੂੰ ਛੁੱਟੀ ਆਇਆ ਸੀ ਫੌਜੀ : ਮ੍ਰਿਤਕ ਦਵਿੰਦਰ ਸਿੰਘ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ 10 ਮਾਰਚ ਨੂੰ ਛੁੱਟੀ ’ਤੇ ਘਰ ਆਇਆ ਸੀ। ਉਸ ਦੀ ਡਿਊਟੀ ਸ੍ਰੀਨਗਰ ਵਿੱਚ ਸੀ। ਦਸੰਬਰ 2025 'ਚ ਦਵਿੰਦਰ ਸਿੰਘ ਨੇ ਸੇਵਾਮੁਕਤ ਹੋਣਾ ਸੀ। ਅੱਜ ਸਵੇਰੇ ਜਦੋਂ ਦਵਿੰਦਰ ਨੀਂਦ ਤੋਂ ਨਾ ਜਾਗਿਆ ਤਾਂ ਉਸ ਦੀ ਪਤਨੀ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਕੋਈ ਹਿਲਜੁਲ ਨਹੀਂ ਹੋਈ। ਇੱਕਦਮ ਪਰਿਵਾਰ ਦੇ ਮੈਂਬਰ ਘਬਰਾ ਗਏ ਤੇ ਤੁਰੰਤ ਦਵਿੰਦਰ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮੁੱਢਲੀ ਜਾਂਚ 'ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੋ ਸਕਦੀ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਨੇ ਅੱਜ ਸਵੇਰੇ ਵਾਪਸ ਡਿਊਟੀ ’ਤੇ ਜਾਣਾ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 8 ਸਾਲ ਦਾ ਬੇਟਾ ਛੱਡ ਗਿਆ ਹੈ।
ਅਸਲੀ ਕਾਰਨ ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਉਣਗੇ : ਫੌਜੀ ਦੀ ਅਚਨਚੇਤ ਮੌਤ ਦੀ ਘਟਨਾ ਸਬੰਧੀ ਸਦਰ ਥਾਣਾ ਦੀ ਪੁਲਿਸ ਨੇ ਕਾਰਵਾਈ ਕੀਤੀ ਹੈ। ਸਬ ਡਵੀਜਨ ਖੰਨਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਸੀ। ਮ੍ਰਿਤਕ ਦੀ ਪਤਨੀ ਮਨਦੀਪ ਕੌਰ ਦੇ ਬਿਆਨ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਦਵਿੰਦਰ ਸਿੰਘ ਦਾ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਆਵੇਗਾ।