ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਦੋਹਾਂ ਹੀ ਖੇਤਰਾਂ ਵਿੱਚ ਬੁਲੰਦੀਆਂ ਛੂਹ ਲੈਣ ਵਿੱਚ ਕਾਮਯਾਬ ਰਹੇ ਹਨ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ, ਜਿੰਨ੍ਹਾਂ ਦੀ ਨਵੀਂ ਅਤੇ ਫਿਲਹਾਲ ਅਣ-ਟਾਈਟਲ ਪੰਜਾਬੀ ਫਿਲਮ ਸੈੱਟ ਉਤੇ ਪੁੱਜ ਗਈ ਹੈ, ਜਿਸ ਦਾ ਨਿਰਦੇਸ਼ਨ ਨਵਜੀਤ ਸਿੰਘ ਕਰਨਗੇ, ਜੋ ਇਸ ਮੰਨੋਰੰਜਕ ਫਿਲਮ ਦੁਆਰਾ ਪਾਲੀਵੁੱਡ 'ਚ ਬਤੌਰ ਨਿਰਦੇਸ਼ਕ ਅਪਣੀ ਪ੍ਰਭਾਵੀ ਡਾਇਰੈਕਟੋਰੀਅਲ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
'ਐਸ ਆਰ ਐਫ ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਕਾਮੇਡੀ-ਡ੍ਰਾਮੈਟਿਕ ਅਤੇ ਭਾਵਪੂਰਨ ਕਹਾਣੀ-ਸਾਰ ਅਧਾਰਿਤ ਇਸ ਫਿਲਮ ਦੇ ਨਿਰਮਾਤਾ ਸੌਰਭ ਰਾਣਾ ਹਨ, ਜਦਕਿ ਇਸ ਦਾ ਲੇਖਨ ਪੱਖ ਮਾਲਵੇ ਨਾਲ ਸੰਬੰਧਤ ਨੌਜਵਾਨ ਅਤੇ ਪ੍ਰਤਿਭਾਵਾਨ ਲੇਖਨ ਜੱਸੀ ਜਸਪ੍ਰੀਤ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਲੇਖਕ ਦੇ ਰੂਪ ਕਈ ਬਿਹਤਰੀਨ ਫਿਲਮ ਪ੍ਰੋਜੈਕਟਸ ਨਾਲ ਜੁੜੇ ਰਹੇ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਬਤੌਰ ਅਦਾਕਾਰ ਸ਼ਾਨਦਾਰ ਹਿੱਸਾ ਰਹੇ ਹਨ ਅਦਾਕਾਰ ਕਰਮਜੀਤ ਅਨਮੋਲ, ਜਿੰਨ੍ਹਾਂ ਵਿੱਚ 'ਵੇਖੀ ਜਾ ਛੇੜੀ ਨਾ', 'ਨੀਂ ਮੈਂ ਸੱਸ ਕੁੱਟਣੀ 2' ਆਦਿ ਸ਼ੁਮਾਰ ਰਹੀਆਂ ਹਨ।
ਗਾਇਕ ਦੇ ਰੂਪ ਵਿੱਚ ਅਪਣੇ ਕਰੀਅਰ ਦਾ ਅਗਾਜ਼ ਕਰਨ ਵਾਲੇ ਕਰਮਜੀਤ ਅਨਮੋਲ ਅੱਜ ਅਦਾਕਾਰ ਵਜੋਂ ਵੀ ਡੇਢ ਦਹਾਕਿਆਂ ਦਾ ਸੁਨਹਿਰਾ ਸਫ਼ਰ ਹੰਢਾਂ ਚੁੱਕੇ ਹਨ, ਜਿੰਨ੍ਹਾਂ ਨੂੰ ਇਸ ਖਿੱਤੇ ਵਿਚ ਸਥਾਪਤੀ ਦੇਣ ਵਿੱਚ ਸਾਲ 2012 ਵਿੱਚ ਆਈ ਅਤੇ ਸੁਪਰ-ਡੁਪਰ ਹਿੱਟ ਰਹੀ 'ਕੈਰੀ ਆਨ ਜੱਟਾ' ਨੇ ਅਹਿਮ ਭੂਮਿਕਾ ਨਿਭਾਈ, ਜਿਸ ਉਪਰੰਤ ਰਿਲੀਜ਼ ਹੋਈਆਂ ਜੋ ਫਿਲਮਾਂ ਉਨ੍ਹਾਂ ਨੂੰ ਸਟਾਰ ਰੁਤਬਾ ਦਿਵਾਉਣ ਦਾ ਸਬੱਬ ਬਣੀਆਂ, ਉਹ ਸਨ 'ਲਾਵਾਂ ਫੇਰੇ', 'ਲੱਕੀ ਦੀ ਅਣਲੱਕੀ ਸਟੋਰੀ', 'ਮੰਜੇ ਬਿਸਤਰੇ', 'ਸਿੰਘ ਵਰਸਿਜ਼ ਕੌਰ', 'ਮੁੰਡੇ ਕਮਾਲ ਦੇ', 'ਭਾਜੀ ਇਨ ਪ੍ਰਾਬਲਮ' ਆਦਿ ਨੇ ਉਨ੍ਹਾਂ ਨੂੰ ਸਟਾਰੀ ਰੁਤਬਾ ਦਿਵਾਉਣ ਦਾ ਮਾਣ ਹਾਸਿਲ ਕੀਤਾ ਹੈ।
ਪੰਜਾਬੀ ਫਿਲਮ ਉਦਯੋਗ ਵਿੱਚ ਦਿੱਗਜ ਅਦਾਕਾਰ ਵਜੋਂ ਭੱਲ ਸਥਾਪਿਤ ਕਰ ਚੁੱਕੇ ਕਰਮਜੀਤ ਅਨਮੋਲ ਦੀ ਇਸ ਵਰ੍ਹੇ 2025 ਦੇ ਪਹਿਲੇ ਪੜ੍ਹਾਅ ਦੌਰਾਨ ਸੈੱਟ ਉਤੇ ਪੁੱਜੀ ਉਕਤ ਪਹਿਲੀ ਫਿਲਮ ਹੈ, ਜਿਸ ਵਿੱਚ ਸਰਦਾਰ ਸੋਹੀ ਅਤੇ ਰੁਪਿੰਦਰ ਰੂਪੀ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ: