ਪਠਾਨਕੋਟ: ਕਈ ਨੌਜਵਾਨ ਜੋ ਕਿ ਚੰਗੇ ਭਵਿੱਖ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਪਰ ਕੁਝ ਏਜੰਟ ਨੌਜਵਾਨਾਂ ਕੋਲੋਂ ਪੈਸੇ ਠੱਗਣ ਦੇ ਲਈ ਉਨ੍ਹਾਂ ਨੂੰ ਗਲਤ ਤਰੀਕੇ ਦੇ ਨਾਲ ਵਿਦੇਸ਼ ਭੇਜਦੇ ਹਨ। ਜਿਸ ਦਾ ਖਮਿਆਜ਼ਾ ਨੌਜਵਾਨ ਨੂੰ ਤਾਂ ਭੂਗਤਨਾ ਹੀ ਪੈਂਦਾ ਹੈ ਨਾਲ ਹੀ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਇਸ ਤਰ੍ਹਾਂ ਦਾ ਹੀ ਪਠਾਨਕੋਟ ਦਾ ਇੱਕ ਨੌਜਵਾਨ ਜਗਮੀਤ ਸਿੰਘ ਹੈ ਜੋ ਚੰਗੇ ਭਵਿੱਖ ਦੀ ਆਸ ਵਿੱਚ 14 ਮਹੀਨੇ ਪਹਿਲਾ ਘਰੋਂ ਅਮਰੀਕਾ ਲਈ ਰਵਾਨਾ ਹੋਇਆ ਸੀ, ਪਰ ਹੁਣ ਉਹ ਲਾਪਤਾ ਹੈ।
14 ਮਹੀਨੇ ਪਹਿਲਾਂ ਅਮਰੀਕਾ ਲਈ ਕੀਤਾ ਰਵਾਨਾ
ਦੱਸ ਦੇਈਏ ਕਿ ਜਗਜੀਤ ਸਿੰਘ ਐੱਮਬੀਏ ਪਾਸ ਸੀ, ਪੰਜਾਬ ਵਿੱਚ ਨੌਕਰੀ ਨਾ ਮਿਲਣ ਕਾਰਨ ਉਸ ਨੇ ਅਮਰੀਕਾ ਜਾਣ ਦਾ ਫੈਸਲਾ ਲਿਆ ਸੀ। ਪੁੱਤ ਦੇ ਚੰਗੀ ਭਵਿੱਖ ਲਈ ਮਾਤਾ-ਪਿਤਾ ਨੇ ਵੀ ਉਸਦਾ ਸਾਥ ਦਿੱਤਾ ਅਤੇ 45 ਲੱਖ 50 ਹਜ਼ਾਰ ਰੁਪਏ ਵਿੱਚ ਅਮਰੀਕਾ ਭੇਜਣ ਲਈ ਇੱਕ ਏਜੰਟ ਨਾਲ ਗੱਲ ਹੋਈ। ਉਸ ਸਮੇਂ ਏਜੰਟ ਨੇ ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਦਾ ਦਾਅਵਾ ਕੀਤਾ ਸੀ। ਪਰਿਵਾਰ ਨੇ ਪਹਿਲਾਂ ਏਜੰਟ ਨੂੰ 15 ਲੱਖ ਰੁਪਏ ਨਕਦ ਦੇ ਦਿੱਤੇ ਸਨ ਅਤੇ ਬਾਕੀ ਪੈਸੇ ਜਗਜੀਤ ਸਿੰਘ ਦੇ ਅਮਰੀਕਾ ਪੁੱਜਣ ਉੱਤੇ ਦੇਣੇ ਸਨ। ਪਰ ਹੁਣ 14 ਮਹੀਨੇ ਹੋ ਗਏ ਹਨ, ਜਗਜੀਤ ਸਿੰਘ ਲਾਪਤਾ ਹੈ ਉਸ ਦੇ ਮਾਪੇ ਉਸ ਦੀ ਭਾਲ ਕਰ ਰਹੇ ਹਨ।

ਪੁੱਤਰ ਦੇ ਵਾਪਿਸ ਪਰਤਣ ਦੀ ਉਡੀਕ
ਜਗਮੀਤ ਸਿੰਘ ਨੇ ਆਪਣੇ ਮਾਤਾ-ਪਿਤਾ ਨਾਲ 19 ਦਸੰਬਰ 2023 ਨੂੰ ਆਖਰੀ ਵਾਰ ਗੱਲਬਾਤ ਕੀਤੀ ਸੀ, ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਨੌਜਵਾਨ ਨੇ ਮਾਤਾ ਪਿਤਾ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਨ੍ਹਾਂ ਦਾ ਪੁੱਤ ਮਿਲ ਸਕੇ।
ਏਜੰਟ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ
ਪੀੜਤ ਪਰਿਵਾਰ ਨੇ ਦੱਸਿਆ ਕਿ "ਉਨ੍ਹਾਂ ਦੇ ਪੁੱਤਰ ਨੂੰ ਏਜੰਟ ਨੇ ਗੈਰ-ਕਾਨੂੰਨੀ ਢੰਗ ਨਾਲ ਡੰਕੀ ਲਵਾਕੇ ਅਮਰੀਕਾ ਭੇਜ ਰਿਹਾ ਸੀ, ਪਰ ਪਨਾਮਾ ਦੇ ਜੰਗਲਾਂ ਦੇ ਵਿੱਚ ਉਨ੍ਹਾਂ ਦਾ ਪੁੱਤ ਲਾਪਤਾ ਹੋ ਗਿਆ। ਜਿਸ ਦਾ ਅੱਜ ਤੱਕ ਉਨ੍ਹਾਂ ਨੂੰ ਕੋਈ ਪਤਾ ਨਹੀਂ ਚੱਲ ਸਕਿਆ। ਪੀੜਤ ਪਰਿਵਾਰ ਨੇ ਏਜੰਟ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।"