ਚੰਡੀਗੜ੍ਹ: ਅੱਜ ਤੋਂ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਸਵੇਰੇ 11 ਵਜੇ ਸ਼ੁਰੂ ਹੋਣ ਵਾਲੇ ਸੈਸ਼ਨ ਵਿੱਚ ਪਹਿਲੇ ਦਿਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਆਪ ਵਿਧਾਇਕ ਗੁਰਪ੍ਰੀਤ ਗੋਗੀ ਸਣੇ ਹੋਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਪ੍ਰਸ਼ਨ ਕਾਲ ਸ਼ੁਰੂ ਹੋਵੇਗਾ। ਇਸ ਮੌਕੇ ਸਦਨ ਵਿੱਚ ਵੱਖ ਵੱਖ ਵਿਭਾਗਾ ਦੀਆਂ ਰਿਪੋਰਟਾਂ ਸਦਨ ਦੇ ਮੇਜ 'ਤੇ ਰੱਖੀਆਂ ਜਾਣਗੀਆਂ ਜਿਸ ਵਿੱਚ ਬਜਟ ਸੈਸ਼ਨ ਤੋਂ ਠੀਕ ਪਹਿਲਾਂ ਹੋਣ ਵਾਲਾ ਸੈਸ਼ਨ ਹੰਗਾਮੇ ਵਾਲਾ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਵਿਰੋਧੀ ਪਾਰਟੀਆਂ ਕਾਨੂੰਨ ਵਿਵਸਥਾ, ਅਮਰੀਕਾ ਤੋਂ ਨੌਜਵਾਨਾਂ ਨੂੰ ਦੇਸ਼ ਨਿਕਾਲਾ ਦੇਣ ਅਤੇ ਨਸ਼ੇ ਦੀ ਲਤ ਵਰਗੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਪਹਿਲੀ ਵਾਰ ਆਪ ਪ੍ਰਧਾਨ ਵੱਜੋਂ ਨਜ਼ਰ ਆਉਣਗੇ ਅਮਨ ਅਰੋੜਾ ਅਤੇ ਇਹ ਮੰਤਰੀ
ਦੱਸਣਯੋਗ ਹੈ ਕਿ ਇਸ ਇਜਲਾਸ ਵਿੱਚ ਮੰਤਰੀ ਬਣਨ ਤੋਂ ਬਾਅਦ ਪੰਜ ਵਿਧਾਇਕ ਪਹਿਲੀ ਵਾਰ ਸੈਸ਼ਨ ਵਿੱਚ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਬਰਿੰਦਰ ਕੁਮਾਰ ਗੋਇਲ, ਹਰਦੀਪ ਸਿੰਘ ਮੁੰਡੀਆ, ਤਰੁਣਪ੍ਰੀਤ ਸਿੰਘ ਸੌਂਦ, ਡਾ.ਰਵਜੋਤ ਸਿੰਘ ਅਤੇ ਮਹਿੰਦਰ ਸਿੰਘ ਸ਼ਾਮਲ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਇਸ ਸੈਸ਼ਨ ’ਚ ਅਮਨ ਅਰੋੜਾ ਕੈਬਨਿਟ ਮੰਤਰੀ ਤੋਂ ਇਲਾਵਾ ਪਹਿਲੀ ਵਾਰ ਬਤੌਰ ‘ਆਪ’ ਪ੍ਰਧਾਨ ਵੱਜੋਂ ਸਦਨ ਵਿੱਚ ਨਜ਼ਰ ਆਉਣਗੇ। ਵਿਰੋਧੀਆਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਵੀ ਸਦਨ ਵਿਚ ਚੁੱਕਿਆ ਜਾ ਸਕਦਾ ਹੈ।
ਵਿਰੋਧੀ ਕਰ ਸਕਦੇ ਹਨ ਘੇਰਾਬੰਦੀ
ਪਹਿਲੇ ਦਿਨ ਦੇ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਹੋਵੇਗਾ। ਇਸੇ ਤਰ੍ਹਾਂ ਸਦਨ ਵਿੱਚ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀਆਂ ਦੀਆਂ ਰਿਪੋਰਟਾਂ ਪੇਸ਼ ਹੋਣਗੀਆਂ। ਸਦਨ ਵਿੱਚ ਅੱਜ ਹੀ ਸਾਲਾਨਾ ਰਿਪੋਰਟਾਂ ਅਤੇ ਪ੍ਰਬੰਧਕੀ ਰਿਪੋਰਟਾਂ ਵੀ ਪੇਸ਼ ਹੋਣਗੀਆਂ। ਇਸ ਵਿਚਾਲੇ ਦਿੱਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਵੀ ਅਹਿਮ ਮੁੱਦਾ ਹੋ ਸਕਦੀ ਹੈ। ਵਿਰੋਧੀ ਧਿਰ ਵੱਲੋਂ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਹਾਰ ਨੂੰ ਲੈ ਕੇ ਘੇਰਾਬੰਦੀ ਕੀਤੀ ਜਾਵੇਗੀ।
ਰਿਪੋਰਟਾਂ ਹੋਣਗੀਆਂ ਪੇਸ਼
ਜ਼ਿਕਰਯੋਗ ਹੈ ਕਿ ਅੱਜ ਦੀ ਵਿਧਾਨ ਸਭਾ ਇਸ ਲਈ ਵੀ ਅਹਿਮ ਹੀ ਕਿ ਅੱਜ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਬਿਜਲੀ ਰੈਗੂਲੇਟਰੀ ਕਮਿਸ਼ਨ ਦੀਆਂ ਸਾਲਾਨਾ ਰੀਪੋਰਟਾਂ ਵੀ ਪੇਸ਼ ਕੀਤੀਆਂ ਜਾਣਗੀਆਂ। ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਏਜੰਡੇ ਵਿਚ ਭਾਵੇਂ ਹਾਲੇ ਕੇਂਦਰ ਸਰਕਾਰ ਦੀ ਪ੍ਰਸਤਾਵਤ ਕੌਮੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਨ ਬਾਰੇ ਪ੍ਰਸਤਾਵ ਸ਼ਾਮਲ ਨਹੀਂ, ਪਰ ਮੌਕੇ ਉਪਰ ਹੀ ਸਦਨ ਵਿਚ ਇਸ ਖਰੜੇ ਨੂੰ ਰੱਦ ਕਰਨ ਦਾ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ। ਪੰਜਾਬ ਸਰਕਾਰ ਅਪਣੇ ਪੱਧਰ ’ਤੇ ਇਹ ਪ੍ਰਸਤਾਵ ਰੱਦ ਕਰ ਕੇ ਪਹਿਲਾਂ ਹੀ ਕੇਂਦਰ ਨੂੰ ਜਾਣਕਾਰੀ ਭੇਜ ਚੁੱਕੀ ਹੈ।
10 ਟੇਬਲ ਏਜੰਡੇ ਰੱਖੇ ਜਾਣਗੇ
- ਮੰਤਰੀ ਪੰਜਾਬ ਐਕਸ-ਸਰਵਿਸਮੈਨ ਐਕਟ, 1978 ਦੀ ਧਾਰਾ 23(6) ਦੇ ਤਹਿਤ ਲੋੜ ਅਨੁਸਾਰ 2021-22 ਅਤੇ 2022-23 ਲਈ ਪੰਜਾਬ ਐਕਸ-ਸਰਵਿਸਮੈਨ ਕਾਰਪੋਰੇਸ਼ਨ ਦਾ ਮੁੱਦਾ ਅਹਿਮ ਹੋਵੇਗਾ।
- ਰਾਜ ਡੈਮ ਸੁਰੱਖਿਆ ਸੰਗਠਨ, ਪੰਜਾਬ ਦੀ ਸਾਲ 2023-24 ਲਈ ਸਾਲਾਨਾ ਰਿਪੋਰਟ, ਜਿਵੇਂ ਕਿ ਰਾਜ ਡੈਮ ਸੁਰੱਖਿਆ ਐਕਟ, 2021 ਦੀ ਧਾਰਾ 45(1) ਅਧੀਨ ਲੋੜੀਂਦਾ ਹੈ, ਮੰਤਰੀ ਦੁਆਰਾ ਮੇਜ਼ 'ਤੇ ਰੱਖੀ ਜਾਵੇਗੀ।
- ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਸਾਲਾਨਾ ਰਿਪੋਰਟ ਮੇਜ਼ 'ਤੇ ਰੱਖੀ ਜਾਵੇਗੀ। ਇਹ ਕਮਿਸ਼ਨ ਬਿਜਲੀ ਐਕਟ, 2003 ਦੀ ਧਾਰਾ 106 ਦੇ ਤਹਿਤ ਸਾਲ 2023-24 ਲਈ ਗਠਿਤ ਕੀਤਾ ਜਾਵੇਗਾ।
- ਬਿਜਲੀ ਰੈਗੂਲੇਟਰੀ ਕਮਿਸ਼ਨ ਐਕਟ, 1998 ਦੀ ਧਾਰਾ 34(4) ਅਧੀਨ ਲੋੜ ਅਨੁਸਾਰ, ਸਾਲ 2022-23 ਲਈ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਸਾਲਾਨਾ ਲੇਖਾ ਸਟੇਟਮੈਂਟ ਅਤੇ ਆਡਿਟ ਰਿਪੋਰਟ ਪੇਸ਼ ਕੀਤੀ ਜਾਵੇਗੀ।
- ਕੰਪਨੀ ਐਕਟ, 2013 ਦੀ ਧਾਰਾ 395 ਅਧੀਨ ਲੋੜ ਅਨੁਸਾਰ, ਸਾਲ 2023-24 ਲਈ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ 14ਵੀਂ ਸਾਲਾਨਾ ਰਿਪੋਰਟ ਪੇਸ਼ ਕੀਤੀ ਜਾਵੇਗੀ।
- ਪੰਜਾਬ ਪਾਰਦਰਸ਼ਤਾ ਅਤੇ ਜਵਾਬਦੇਹੀ ਇਨ ਪਬਲਿਕ ਸਰਵਿਸ ਡਿਲੀਵਰੀ ਐਕਟ, 2018 ਦੀ ਧਾਰਾ 20(2) ਦੇ ਤਹਿਤ ਲੋੜ ਅਨੁਸਾਰ, ਪੰਜਾਬ ਪਾਰਦਰਸ਼ਤਾ ਅਤੇ ਜਵਾਬਦੇਹੀ ਇਨ ਪਬਲਿਕ ਸਰਵਿਸ ਡਿਲੀਵਰੀ ਨਿਯਮ, 2021, ਪੇਸ਼ ਕੀਤਾ ਜਾਵੇਗਾ।
- ਪੰਜਾਬ ਟਰਾਂਸਪੇਰੈਂਸੀ ਇਨ ਪਬਲਿਕ ਪ੍ਰੋਕਿਊਰਮੈਂਟ ਐਕਟ, 2019 ਦੀ ਧਾਰਾ 63(2) ਦੇ ਤਹਿਤ ਐਨਆਈਸੀਐਸਆਈ, ਐਨਆਈਸੀ ਅਤੇ ਪੇਸਕੋ ਤੋਂ ਸਲਾਹਕਾਰੀ ਅਤੇ ਗੈਰ-ਸਲਾਹਕਾਰ ਸੇਵਾਵਾਂ ਨੂੰ ਨਿਯੁਕਤ ਕਰਨ ਲਈ ਇਕਾਈਆਂ ਨੂੰ ਛੋਟ ਦੇਣ ਸੰਬੰਧੀ 4.8.2023 ਨੂੰ ਇੱਕ ਮਤਾ ਸਦਨ ਵਿੱਚ ਪੇਸ਼ ਕੀਤਾ ਜਾਵੇਗਾ।
- ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਐਕਟ, 1993 ਦੀ ਧਾਰਾ 28 ਅਧੀਨ ਲੋੜ ਅਨੁਸਾਰ, ਮੰਤਰੀ ਸਾਲ 2022-23 ਲਈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਾਲਾਨਾ ਰਿਪੋਰਟ ਸਦਨ ਵਿੱਚ ਪੇਸ਼ ਕਰਨਗੇ।
- ਕੰਪਨੀ ਐਕਟ, 2013 ਦੀ ਧਾਰਾ 394(2) ਅਧੀਨ ਲੋੜ ਅਨੁਸਾਰ, ਸਾਲ 2017-18 ਲਈ ਪੰਜਾਬ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ ਲਿਮਟਿਡ ਦੀ 44ਵੀਂ ਸਾਲਾਨਾ ਰਿਪੋਰਟ ਪੇਸ਼ ਕੀਤੀ ਜਾਵੇਗੀ।
- ਪੰਜਾਬ ਸਿਹਤ ਪ੍ਰਣਾਲੀ ਨਿਗਮ ਐਕਟ, 1996 ਦੀ ਧਾਰਾ 21(4) ਅਧੀਨ ਲੋੜ ਅਨੁਸਾਰ ਸਾਲ 2022-23 ਲਈ ਪੰਜਾਬ ਸਿਹਤ ਪ੍ਰਣਾਲੀ ਨਿਗਮ ਦੀ ਸਾਲਾਨਾ ਰਿਪੋਰਟ ਮੰਤਰੀ ਦੁਆਰਾ ਪੇਸ਼ ਕੀਤੀ ਜਾਵੇਗੀ।