ਸ੍ਰੀ ਫ਼ਤਹਿਗੜ੍ਹ ਸਾਹਿਬ: ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਪਰ ਕੀ ਤੁਸੀਂ ਕਦੇ ਸੁਣਿਆ ਕਿਸੇ ਵਿਅਕਤੀ ਨੂੰ ਕਤਲ ਕਰਨ ਦਾ ਸ਼ੌਂਕ ਹੋਵੇ? ਜੀ ਹਾਂ ਇਹ ਖੁਲਾਸਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਕੀਤਾ ਹੈ। ਦਰਅਸਲ ਰੋਪੜ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇਕ ਸੀਰੀਅਲ ਕਿਲਰ ਦੇ ਫੜੇ ਜਾਣ ਨਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 3 ਅਣਸੁਲਝੇ ਕਤਲਾਂ ਦੀ ਗੁੱਥੀ ਸੁਲਝ ਗਈ ਹੈ। ਕਥਿਤ ਮੁਲਜ਼ਮ ਰਾਮ ਸਰੂਪ, ਜੋ ਗੜ੍ਹਸ਼ੰਕਰ (ਹੁਸ਼ਿਆਰਪੁਰ) ਦੇ ਚੌੜਾ ਪਿੰਡ ਦਾ ਵਸਨੀਕ ਹੈ, ਉਸ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਰੋਪੜ ਪੁਲਿਸ ਤੋਂ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ ਹੈ।
ਪੁਲਿਸ ਦਾ ਖੁਲਾਸਾ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇੰਸਪੈਕਟਰ ਮਲਕੀਤ ਸਿੰਘ ਮੁਖੀ ਪੁਲਿਸ ਥਾਣਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਕਥਿਤ ਮੁਲਜ਼ਮ ਰਾਮ ਸਰੂਪ ਨੂੰ ਪੁਲਿਸ ਥਾਣਾ ਸਰਹਿੰਦ ਵੱਲੋਂ ਇੱਕ ਅਤੇ ਪੁਲਿਸ ਥਾਣਾ ਫ਼ਤਹਿਗੜ੍ਹ ਸਾਹਿਬ ਵੱਲੋਂ 2 ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਇਹ ਸਮਲਿੰਗੀ ਵਿਅਕਤੀ ਪਹਿਲਾ ਲੋਕਾਂ ਨੂੰ ਉਕਸਾ ਕੇ ਆਪਣਾ ਸ਼ਿਕਾਰ ਬਣਾਉਂਦਾ ਅਤੇ ਫਿਰ ਪੈਸਿਆਂ ਦੀ ਮੰਗ ਕਰਦਾ। ਜਦੋਂ ਉਸ ਨੂੰ ਪੈਸੇ ਨਾ ਮਿਲਦੇ ਤਾਂ ਉਹ ਗਲਾ ਘੁੱਟ ਕੇ ਕਤਲ ਕਰ ਦਿੰਦਾ। ਹੈਰਾਨੀ ਦੀ ਗੱਲ ਹੈ ਕਿ ਕਾਤਲ ਨੇ ਮੀਡੀਆ ਸਾਹਮਣੇ ਸਵੀਕਾਰ ਕੀਤਾ ਸੀ ਕਿ ਉਹ ਕਤਲ ਕਰਨ ਤੋਂ ਬਾਅਦ ਲਾਸ਼ ਦੇ ਪੈਰਾਂ ਨੂੰ ਹੱਥ ਲਗਾ ਕੇ ਮੁਆਫ਼ੀ ਵੀ ਮੰਗਦਾ ਸੀ।
ਕਦੋਂ ਹੋਏ ਸੀ ਕਤਲ?
ਪੁਲਿਸ ਅਨੁਸਾਰ 2 ਮਈ 2024 ਨੂੰ ਸੰਜੀਵ ਕੁਮਾਰ, ਵਾਸੀ ਬਾੜਾ ਸਰਹਿੰਦ, ਆਪਣੇ ਕੰਮ ਤੋਂ ਵਾਪਸ ਨਹੀਂ ਪਰਤਿਆ ਸੀ। ਉਸ ਦੀ ਲਾਸ਼ ਪਸ਼ੂ ਹਸਪਤਾਲ ਬਾੜਾ ਸਰਹਿੰਦ ਦੇ ਨੇੜਿਓ ਮਿਲੀ ਸੀ। ਇਸ ਮਾਮਲੇ ‘ਚ ਸਰਹਿੰਦ ਪੁਲਿਸ ਨੇ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਉਸ ਨੂੰ ਕਿਸ਼ਨ ਸਿੰਘ ਦੇ ਕਤਲ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ। ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਕਿਸ਼ਨ ਸਿੰਘ ਦੇ ਪਿਤਾ ਅਵਤਾਰ ਸਿੰਘ ਨਿਵਾਸੀ ਬ੍ਰਾਹਮਣ ਮਾਜਰਾ ਸਰਹਿੰਦ ਨੇ 18 ਫਰਵਰੀ 2024 ਨੂੰ ਪੁਲਿਸ ਕੋਲ ਰਿਪੋਰਟ ਲਿਖਵਾਈ ਕਿ ਉਸ ਦਾ ਲੜਕਾ ਕਿਸ਼ਨ ਸਿੰਘ ਕੰਮ ‘ਤੇ ਗਿਆ ਪਰ ਵਾਪਸ ਨਹੀ ਆਇਆ। ਅਗਲੇ ਦਿਨ ਕਿਸ਼ਨ ਸਿੰਘ ਦੀ ਲਾਸ਼ ਬਾਈਪਾਸ ਰੋਡ ‘ਤੇ ਖ਼ਾਲੀ ਜ਼ਮੀਨ 'ਚੋਂ ਮਿਲੀ ਸੀ।
ਨੇਗੀ ਕਤਲ ਮਾਮਲੇ 'ਚ ਰਿਮਾਂਡ
ਕਿਸ਼ਨ ਦੇ ਕਤਲ ਮਾਮਲੇ 'ਚ ਮੁਲਜ਼ਮ ਰਾਮ ਸਰੂਪ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਅਦਾਲਤ ਨੇ 31 ਜਨਵਰੀ ਤੱਕ ਮੁਲਜ਼ਮ ਦਾ ਰਿਮਾਂਡ ਹਾਸਿਲ ਕੀਤਾ ਸੀ। ਰਿਮਾਂਡ ਦੌਰਾਨ ਪੁਲਿਸ ਨੇ ਕਿਸ਼ਨ ਦੀ ਸਕੂਟਰੀ ਵੀ ਬਰਾਮਦ ਕਰ ਲਈ ਜਿਸ ਨੂੰ ਮੁਲਜ਼ਮ ਲੈ ਕੇ ਫਰਾਰ ਹੋ ਗਿਆ ਸੀ। ਇਸ ਮਾਮਲੇ 'ਚ ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਜਦਕਿ ਫ਼ਤਹਿਗੜ੍ਹ ਸਾਹਿਬ 'ਚ ਹੀ ਹੋਏ ਇੱਕ ਹੋਰ ਨੇਗੀ ਨਾਮਕ ਵਿਅਕਤੀ ਦੇ ਕਤਲ ਮਾਮਲੇ 'ਚ ਅਦਾਲਤ ਵੱਲੋਂ ਰਾਮ ਸਰੂਪ ਦਾ 4 ਫਰਵਰੀ ਤੱਕ ਪੁਲਿਸ ਰਿਮਾਂਡ ਦਿੱਤਾ ਗਿਆ।
ਮੁਲਜ਼ਮ ਨੇ 10 ਤੋਂ ਵੱਧ ਕਤਲ ਕਬੂਲੇ
ਪੁਲਿਸ ਅਨੁਸਾਰ, ਮੁਲਜ਼ਮ ਨੇ ਰੋਪੜ ਪੁਲਿਸ ਕੋਲ 10 ਤੋਂ ਵੱਧ ਕਤਲਾਂ ਦੀ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ ਹੈ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਹੋਰ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਦੱਸ ਦਈਏ ਕਿ ਮੁਲਜ਼ਮ ਨੇ ਕੀਰਤਪੁਰ ਸਾਹਿਬ-ਮਨਾਲੀ ਮਾਰਗ ‘ਤੇ ਜੰਗਲ ਵਿੱਚ, ਰੋਪੜ ਦੇ ਭਰਤਗੜ੍ਹ, ਗੰਗੂਵਾਲ ਵਿੱਚ ਵਿਅਕਤੀਆਂ ਦੇ ਗਲੇ ਘੁੱਟ ਕੇ ਕਤਲ ਕਰਨ ਦੀ ਜ਼ਿੰਮੇਵਾਰੀ ਵੀ ਲਈ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਰੂਪਨਗਰ ਵਿੱਚ ਇੱਕ ਵਿਅਕਤੀ ਦਾ ਮਫ਼ਲਰ ਨਾਲ ਗਲਾ ਘੁੱਟ ਕੇ ਕਤਲ ਕਰਨ, ਹੁਸ਼ਿਆਰਪੁਰ ਖੇਤਰ ਵਿਚ ਗੁਰਨਾਮ ਨਾਂ ਦੇ ਵਿਅਕਤੀ ਦਾ ਕਤਲ ਕਰਨ ਅਤੇ ਚੱਬੇਵਾਲ-ਮਾਲਪੁਰ ਮਾਰਗ (ਹੁਸ਼ਿਆਰਪੁਰ) ‘ਤੇ ਇੱਕ ਟਰੱਕ ਡਰਾਈਵਰ ਦਾ ਕਤਲ ਕਰਨ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ। ਹੁਣ ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਹੋਰ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
- ਦਿਲ ਦਹਿਲਾ ਕੇ ਰੱਖ ਦੇਵੇਗੀ ਇਸ 'ਗੇ' ਸੀਰੀਅਲ਼ ਕਿਲਰ ਦੀ ਕਹਾਣੀ, ਖੁਦ ਹੀ ਦੱਸਿਆ ਕਿਵੇਂ ਦਿੰਦਾ ਸੀ ਵਾਰਦਾਤ ਨੂੰ ਅੰਜਾਮ, ਲਾਸ਼ਾਂ ਦੇ ਪੈਰੀਂ ਹੱਥ ਲਗਾ ਕੇ ਮੰਗਦਾ ਸੀ ਮੁਆਫੀ
- ਦਿੱਲੀ ਪੁਲਿਸ ਨੇ 7 ਕਤਲ ਕਰਨ ਤੋਂ ਬਾਅਦ ਫ਼ਰਾਰ ਹੋਏ ਸੀਰੀਅਲ ਕਿਲਰ ਨੂੰ ਕੀਤਾ ਗ੍ਰਿਫ਼ਤਾਰ
- ਪ੍ਰੇਮਿਕਾ ਨੂੰ ਦੇਹ ਵਪਾਰ 'ਚ ਲਗਾਉਣ ਵਾਲੀਆਂ ਔਰਤਾਂ ਨੂੰ ਭੜਕੇ ਪ੍ਰੇਮੀ ਨੇ ਦਿੱਤੀ ਖੌਫ਼ਨਾਕ ਸਜ਼ਾ, ਵੱਢ-ਟੁੱਕ ਕੇ ਨਹਿਰ 'ਚ ਸੁੱਟੀਆਂ