ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹੇ ਦੇ ਪਿੰਡ ਜਾਗੋ ਚਰਨਾਂਥਲ ਦੀ ਸਰਬਸੰਮਤੀ ਨਾਲ ਨਵੀਂ ਚੁਣੀ ਗ੍ਰਾਮ ਪੰਚਾਇਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਉੱਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਪਹੁੰਚੇ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੇ ਬਜਾਏ ਅਫਸਰਾਂ ਦਾ ਇੱਕ ਅਦਾਰਾ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇੰਨੀਆਂ ਚੁਣੌਤੀਆਂ ਦੇ ਬਾਵਜੂਦ ਵੀ ਲੋਕਾਂ ਨੇ ਆਪਣੀ ਮਰਜ਼ੀ ਦੇ ਮੁਤਾਬਿਕ ਸਰਪੰਚ ਅਤੇ ਪੰਚ ਚੁਣੇ ਹਨ ਜੋ ਕਿ ਇੱਕ ਚੰਗੀ ਗੱਲ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸਕ ਭੁੱਲ
ਇਸ ਮੌਕੇ ਪ੍ਰੇਮ ਸਿੰਗ ਚੰਦੂਮਾਜਰਾ ਨੇ ਅਕਾਲੀ ਦਲ ਵੱਲੋਂ ਜ਼ਿਮਨੀ ਚੋਣ ਨਾ ਲੜਨ ਉੱਤੇ ਬੋਲਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਹ ਇਤਿਹਾਸਕ ਭੁੱਲ ਹੈ। ਜਿਸ ਨਾਲ ਉਹ ਵਰਕਰਾਂ ਨਾਲ ਧ੍ਰੋਹ ਕਮਾ ਰਹੇ ਹਨ। ਚੰਦੂਮਾਜਰਾ ਮੁਤਾਬਿਕ ਅਕਾਲੀ ਦਲ ਸਰਪ੍ਰਸਤਾਂ ਨੇ ਹੁਣ ਪਾਰਟੀ ਨੂੰ ਵਿਰੋਧੀਆਂ ਅੱਗੇ ਗਹਿਣੇ ਧਰ ਦਿੱਤਾ ਹੈ। ਜਿਹੜੇ ਵਰਕਰ ਸ਼ਿੱਦਤ ਨਾਲ ਮਿਹਨਤ ਕਰ ਰਹੇ ਸਨ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਰਨ ਤੱਕ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਇਹ ਫੈਸਲਾ ਇੱਕ ਇਤਿਹਾਸਿਕ ਭੁੱਲ ਹੀ ਕਹਿਲਾਵੇਗੀ।
ਸਰਕਾਰ ਦੀ ਗਲਤੀ ਕਾਰਣ ਰੁਲ ਰਹੇ ਕਿਸਾਨ
ਮੰਡੀਆਂ ਦੇ ਵਿੱਚ ਰੁਲ ਰਹੇ ਕਿਸਾਨਾਂ ਬਾਰੇ ਬੋਲਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਦੇ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਵਿੱਚ ਤਾਲਮੇਲ ਨਾ ਹੋਣਾ ਵੀ ਵੱਡਾ ਕਾਰਨ ਹੈ। ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਦੀ ਅਣਗਹਿਲੀ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ। ਜਿਸ ਕਰਕੇ ਕਿਸਾਨ ਅੱਜ ਮੰਡੀਆਂ ਦੇ ਵਿੱਚ ਰੁਲ ਰਹੇ ਹਨ।