ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ 7 ਮਈ ਨੂੰ 12 ਸੂਬਿਆਂ ਦੀਆਂ 95 ਸੀਟਾਂ 'ਤੇ ਵੋਟਿੰਗ ਹੋਣੀ ਹੈ। ਕੁੱਲ 1352 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਦੀ ਰਿਪੋਰਟ ਮੁਤਾਬਕ ਤੀਜੇ ਪੜਾਅ ਦੇ 244 ਉਮੀਦਵਾਰਾਂ ਦਾ ਅਪਰਾਧਿਕ ਪਿਛੋਕੜ ਹੈ, ਯਾਨੀ ਉਨ੍ਹਾਂ ਨੇ ਆਪਣੇ ਚੋਣ ਹਲਫਨਾਮਿਆਂ 'ਚ ਆਪਣੇ ਖਿਲਾਫ ਦਰਜ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ। ਜਦਕਿ 392 ਉਮੀਦਵਾਰਾਂ (29 ਫੀਸਦੀ) ਨੇ ਆਪਣੀ ਜਾਇਦਾਦ 1 ਕਰੋੜ ਰੁਪਏ ਤੋਂ ਵੱਧ ਦੱਸੀ ਹੈ। ਇਸ ਗੇੜ ਵਿੱਚ 123 ਮਹਿਲਾ ਉਮੀਦਵਾਰ ਮੈਦਾਨ ਵਿੱਚ ਹਨ।
ਏਡੀਆਰ ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ ਆਮ ਚੋਣਾਂ ਦੇ ਤੀਜੇ ਪੜਾਅ ਵਿੱਚ ਲੜ ਰਹੇ ਸਾਰੇ 1352 ਉਮੀਦਵਾਰਾਂ ਦੇ ਚੋਣ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ 172 ਉਮੀਦਵਾਰਾਂ (13 ਫੀਸਦੀ) ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਅਦਾਲਤ ਵਿੱਚ ਕਿਸੇ ਨਾ ਕਿਸੇ ਮਾਮਲੇ ਵਿੱਚ ਸੱਤ ਉਮੀਦਵਾਰਾਂ ਖ਼ਿਲਾਫ਼ ਦੋਸ਼ ਸਾਬਤ ਹੋ ਚੁੱਕੇ ਹਨ। ਪੰਜ ਉਮੀਦਵਾਰਾਂ ਖਿਲਾਫ ਕਤਲ (IPC-302) ਵਰਗਾ ਗੰਭੀਰ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਤਹਿਤ 24 ਉਮੀਦਵਾਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ 17 ਉਮੀਦਵਾਰਾਂ ਖ਼ਿਲਾਫ਼ ਕੇਸ ਦਰਜ ਹੈ।
ਦੋ ਉਮੀਦਵਾਰਾਂ ਖ਼ਿਲਾਫ਼ ਬਲਾਤਕਾਰ ਦੇ ਕੇਸ: ਏਡੀਆਰ ਦੀ ਰਿਪੋਰਟ ਮੁਤਾਬਕ ਤੀਜੇ ਪੜਾਅ ਵਿੱਚ ਚੋਣ ਲੜ ਰਹੇ 38 ਉਮੀਦਵਾਰਾਂ ਖ਼ਿਲਾਫ਼ ਔਰਤਾਂ ਖ਼ਿਲਾਫ਼ ਅੱਤਿਆਚਾਰ ਦੇ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਦੋ ਉਮੀਦਵਾਰਾਂ 'ਤੇ ਬਲਾਤਕਾਰ (ਆਈਪੀਸੀ ਦੀ ਧਾਰਾ 376) ਅਤੇ ਇੱਕੋ ਔਰਤ ਨਾਲ ਵਾਰ-ਵਾਰ ਬਲਾਤਕਾਰ ਕਰਨ ਦਾ ਦੋਸ਼ ਹੈ। ਜੇਕਰ ਅਜਿਹੇ ਮਾਮਲਿਆਂ ਵਿੱਚ ਦੋਸ਼ੀ ਪਾਇਆ ਜਾਂਦਾ ਹੈ, ਤਾਂ ਸਜ਼ਾ ਘੱਟੋ-ਘੱਟ 10 ਸਾਲ ਦੀ ਸਖ਼ਤ ਕੈਦ ਜਾਂ ਉਮਰ ਕੈਦ ਹੋ ਸਕਦੀ ਹੈ।
ਤੀਜੇ ਪੜਾਅ 'ਚ 26 ਕਾਂਗਰਸੀ ਉਮੀਦਵਾਰ ਦਾਗੀ: ਏ.ਡੀ.ਆਰ ਦੀ ਰਿਪੋਰਟ ਮੁਤਾਬਕ ਤੀਜੇ ਪੜਾਅ 'ਚ ਕਾਂਗਰਸ ਦੇ 68 'ਚੋਂ 26 ਉਮੀਦਵਾਰ ਦਾਗੀ ਹਨ। ਇਸੇ ਤਰ੍ਹਾਂ ਭਾਜਪਾ ਦੇ 82 ਵਿੱਚੋਂ 22 ਉਮੀਦਵਾਰ (27 ਫੀਸਦੀ) ਅਪਰਾਧਿਕ ਪਿਛੋਕੜ ਵਾਲੇ ਹਨ। ਸਪਾ ਦੇ 10 ਵਿੱਚੋਂ ਪੰਜ ਉਮੀਦਵਾਰ, ਸਾਰੇ ਤਿੰਨ ਆਰਜੇਡੀ ਉਮੀਦਵਾਰ, ਪੰਜ ਵਿੱਚੋਂ ਚਾਰ ਸ਼ਿਵ ਸੈਨਾ (ਯੂਬੀਟੀ), ਤਿੰਨ ਵਿੱਚੋਂ ਦੋ ਐਨਸੀਪੀ (ਸ਼ਰਦਚੰਦਰ ਪਵਾਰ), ਤਿੰਨ ਵਿੱਚੋਂ ਇੱਕ ਜੇਡੀਯੂ ਅਤੇ ਛੇ ਵਿੱਚੋਂ ਇੱਕ ਟੀਐਮਸੀ ਦੇ ਉਮੀਦਵਾਰ ਦਾਗ਼ੀ ਹਨ।
ਕਰੋੜਪਤੀ ਉਮੀਦਵਾਰ: ਏਡੀਆਰ ਦੇ ਵਿਸ਼ਲੇਸ਼ਣ ਦੇ ਅਨੁਸਾਰ, ਤੀਜੇ ਪੜਾਅ ਵਿੱਚ ਚੋਣ ਲੜ ਰਹੇ 1352 ਉਮੀਦਵਾਰਾਂ ਵਿੱਚੋਂ, 392 (29 ਪ੍ਰਤੀਸ਼ਤ) ਕਰੋੜਪਤੀ ਹਨ। ਕੁੱਲ ਉਮੀਦਵਾਰਾਂ ਦੀ ਔਸਤ ਜਾਇਦਾਦ 5.66 ਕਰੋੜ ਰੁਪਏ ਹੈ। ਭਾਜਪਾ ਦੇ 82 ਵਿੱਚੋਂ 77 ਉਮੀਦਵਾਰਾਂ (94 ਫੀਸਦੀ) ਕੋਲ 1 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਜਦੋਂ ਕਿ ਕਾਂਗਰਸ ਦੇ 68 ਵਿੱਚੋਂ 60 ਉਮੀਦਵਾਰ (88 ਫੀਸਦੀ) ਕਰੋੜਪਤੀ ਹਨ। ਸਪਾ ਦੇ 10 ਉਮੀਦਵਾਰਾਂ ਵਿੱਚੋਂ ਨੌਂ, ਜੇਡੀਯੂ ਤੋਂ ਤਿੰਨ, ਸ਼ਿਵ ਸੈਨਾ (ਯੂਬੀਟੀ) ਤੋਂ ਪੰਜ, ਐਨਸੀਪੀ ਤੋਂ ਤਿੰਨ, ਆਰਜੇਡੀ ਤੋਂ ਤਿੰਨ, ਸ਼ਿਵ ਸੈਨਾ (ਸ਼ਿੰਦੇ ਧੜੇ) ਤੋਂ ਦੋ, ਐਨਸੀਪੀ (ਸ਼ਰਦਚੰਦਰ ਪਵਾਰ) ਦੇ ਤਿੰਨ ਅਤੇ ਟੀਐਮਸੀ ਦੇ ਛੇ ਵਿਚੋਂ ਚਾਰ ਉਮਿੀਦਵਾਰਾਂ ਨੇ ਆਪਣੀ ਜਾਇਦਾਦ ਇੱਕ ਕਰੋੜ ਤੋਂ ਵੱਧ ਦੱਸੀ ਹੈ।
ਤਿੰਨ ਸਭ ਤੋਂ ਅਮੀਰ ਉਮੀਦਵਾਰ: ਏਡੀਆਰ ਦੀ ਰਿਪੋਰਟ ਅਨੁਸਾਰ ਤੀਜੇ ਪੜਾਅ ਵਿੱਚ ਦੱਖਣੀ ਗੋਆ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਭਾਜਪਾ ਦੀ ਪੱਲਵੀ ਸ੍ਰੀਨਿਵਾਸ ਡੇਂਪੋ ਸਭ ਤੋਂ ਅਮੀਰ ਉਮੀਦਵਾਰ ਹੈ। ਉਨ੍ਹਾਂ ਨੇ ਆਪਣੀ ਕੁੱਲ ਜਾਇਦਾਦ 1361 ਕਰੋੜ ਰੁਪਏ ਤੋਂ ਵੱਧ ਦੱਸੀ ਹੈ। ਮੱਧ ਪ੍ਰਦੇਸ਼ ਦੀ ਗੁਨਾ ਸੀਟ ਤੋਂ ਚੋਣ ਲੜ ਰਹੇ ਭਾਜਪਾ ਦੇ ਜੋਤੀਰਾਦਿੱਤਿਆ ਸਿੰਧੀਆ ਦੂਜੇ ਸਭ ਤੋਂ ਅਮੀਰ ਉਮੀਦਵਾਰ ਹਨ। ਜਿਨ੍ਹਾਂ ਦੀ ਕੁੱਲ ਜਾਇਦਾਦ 424 ਕਰੋੜ ਰੁਪਏ ਤੋਂ ਵੱਧ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਕੋਲਹਾਪੁਰ ਤੋਂ ਕਾਂਗਰਸ ਦੇ ਛਤਰਪਤੀ ਸ਼ਾਹੂ ਸ਼ਾਹਜੀ ਤੀਜੇ ਸਭ ਤੋਂ ਅਮੀਰ ਉਮੀਦਵਾਰ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 342 ਕਰੋੜ ਰੁਪਏ ਤੋਂ ਵੱਧ ਹੈ।
43 ਹਲਕੇ ਸੰਵੇਦਨਸ਼ੀਲ: ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿੱਚ ਕੁੱਲ 95 ਵਿੱਚੋਂ 43 ਹਲਕਿਆਂ ਨੂੰ ਸੰਵੇਦਨਸ਼ੀਲ ਐਲਾਨਿਆ ਹੈ। ਭਾਵ 43 ਲੋਕ ਸਭਾ ਸੀਟਾਂ 'ਤੇ ਤਿੰਨ ਜਾਂ ਇਸ ਤੋਂ ਵੱਧ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। ਚੋਣ ਕਮਿਸ਼ਨ ਮੁਤਾਬਕ ਉਨ੍ਹਾਂ ਹਲਕਿਆਂ ਨੂੰ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਜਿੱਥੇ ਤਿੰਨ ਜਾਂ ਇਸ ਤੋਂ ਵੱਧ ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ।
- ਕਿਸਾਨਾਂ ਲਈ ਆਫ਼ਤ ਬਣੀ ਬੇਮੌਸਮੀ ਬਰਸਾਤ, ਪੁੱਤਾਂ ਵਾਂਗ ਪਾਲੀ ਫ਼ਸਲ ਮੰਡੀਆਂ 'ਚ ਹੋ ਰਹੀ ਤਬਾਹ - Farmer crops were destroyed
- ਲੁਧਿਆਣਾ 'ਚ ਤਿੰਨ ਕਾਂਗਰਸੀ ਲੀਡਰ ਵੱਖ-ਵੱਖ ਪਾਰਟੀਆਂ ਤੋਂ ਹੋਏ ਆਹਮੋ ਸਾਹਮਣੇ ! - Lok Sabha Elections
- ਅਮਰੀਕਾ 'ਚ ਅੰਮ੍ਰਿਤਸਰ ਦੇ ਨੌਜਵਾਨ ਦੀ ਮੌਤ: ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ - Death of Punjabi youth in America