ਬਰਨਾਲਾ: ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦੇ ਵੱਡੇ ਰਜਵਾਹੇ ਵਿੱਚ ਡੁੱਬਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਣੇ ਸਾਥੀਆਂ ਸਮੇਤ ਰਜਵਾਹੇ ਵਿੱਚ ਨਹਾ ਰਿਹਾ ਸੀ। ਜਿਸ ਦੌਰਾਨ ਉਹ ਰਜਵਾਹੇ ਵਿੱਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ।
ਰਜਵਾਹੇ 'ਚ ਨਹਾਉਣ ਗਿਆ ਸੀ ਨੌਜਵਾਨ:ਮ੍ਰਿਤਕ ਨੌਜਵਾਨ ਦੀ ਪਹਿਚਾਣ ਪਿੰਡ ਭੋਤਨਾ ਦੇ 17 ਸਾਲਾ ਮਾਣਕ ਸਿੰਘ ਪੁੱਤਰ ਰੇਸ਼ਮ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿੰਡ ਭੋਤਨਾ ਦੇ ਬੱਸ ਅੱਡੇ ਉਪਰ ਸੋਮਵਾਰ ਨੂੰ ਅੱਤ ਦੀ ਗਰਮੀ ਦੇ ਮੱਦੇਨਜ਼ਰ ਠੰਢੇ ਮਿੱਠੇ ਪਾਣੀ ਦੀ ਛਬੀਲ ਲੱਗੀ ਹੋਈ ਸੀ। ਦੇਰ ਸ਼ਾਮ ਛਬੀਲ ਦੀ ਸਮਾਪਤੀ ’ਤੇ ਮ੍ਰਿਤਕ ਆਪਣੇ ਸਾਥੀਆਂ ਨਾਲ ਸੜਕ ਉਪਰ ਲਗਾਏ ਪੁਲਿਸ ਦੇ ਬੈਰੀਕੇਟ ਪਿੰਡ ਟੱਲੇਵਾਲ ਵਿਖੇ ਛੱਡਣ ਗਿਆ ਸੀ। ਜਿੱਥੇ ਵੱਧ ਗਰਮੀ ਹੋਣ ਕਾਰਨ ਉਹ ਆਪਣੇ ਸਾਥੀਆਂ ਨਾਲ ਟੱਲੇਵਾਲ ਦੇ ਵੱਡੇ ਰਜਵਾਹੇ ਵਿੱਚ ਨਹਾਉਣ ਲੱਗ ਗਿਆ।
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ:ਇਸ ਦੌਰਾਨ ਜਿਉਂ ਹੀ ਮ੍ਰਿਤਕ ਨੇ ਰਜਵਾਹੇ ਵਿੱਚ ਛਾਲ ਮਾਰੀ ਤਾਂ ਉਹ ਮੁੜ ਕੇ ਰਜਵਾਹੇ ਤੋਂ ਬਾਹਰ ਨਹੀਂ ਨਿਕਲਿਆ। ਜਿਸ ਤੋਂ ਬਾਅਦ ਉਸ ਦੇ ਸਾਥੀਆਂ ਅਤੇ ਉਥੇ ਹਾਜ਼ਰ ਹੋਰ ਲੋਕਾਂ ਨੇ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਿਆ। ਕੁੱਝ ਘੰਟਿਆਂ ਬਾਅਦ ਘਟਨਾ ਸਥਾਨ ਤੋਂ ਕੁੱਝ ਕਿਲੋਮੀਟਰ ਦੂਰੀ ’ਤੇ ਪਿੰਡ ਦੀਪਗੜ੍ਹ ਪਿੰਡ ਨੇੜੇ ਤੋਂ ਮ੍ਰਿਤਕ ਨੋਜਵਾਨ ਮਾਣਕ ਸਿੰਘ ਦੀ ਲਾਸ਼ ਰਜਵਾਹੇ ਵਿੱਚੋਂ ਮਿਲੀ।
ਮ੍ਰਿਤਕ ਦਾ ਪਿਤਾ ਕਰਦਾ ਦਿਹਾੜੀ:ਇਸ ਘਟਨਾ ਨਾਲ ਪਿੰਡ ਭੋਤਨਾ ਸਮੇਤ ਇਲਾਕੇ ਭਰ ਵਿੱਚ ਸ਼ੋਕ ਦੀ ਲਹਿਰ ਹੈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਬਾਰ੍ਹਵੀਂ ਕਲਾਸ ਵਿੱਚ ਪੜ੍ਹਦਾ ਸੀ। ਉਸ ਦਾ ਪਿਤਾ ਪਿੰਡ ਦੇ ਬੱਸ ਅੱਡੇ ਉਪਰ ਗੰਨੇ ਦੇ ਜੂਸ ਦੀ ਰੇਹੜੀ ਲਾ ਕੇ ਘਰ ਚਲਾ ਰਿਹਾ ਹੈ।
ਪੁਲਿਸ ਨਹਾਉਣ ਵਾਲੇ ਲੋਕਾਂ ਨੂੰ ਰੋਕਣ ਵਿੱਚ ਅਸਫ਼ਲ:ਜ਼ਿਕਰਯੋਗ ਹੈ ਕਿ ਪਿੰਡ ਟੱਲੇਵਾਲ ਨਹਿਰ ਅਤੇ ਇਸ ਦੇ ਨਾਲ ਲੱਗਦੇ ਰਜਵਾਹੇ ਵਿੱਚ ਗਰਮੀ ਦੇ ਸੀਜ਼ਨ ਦੌਰਾਨ ਅਕਸਰ ਵੱਡੀ ਗਿਣਤੀ ਵਿੱਚ ਨੌਜਵਾਨ ਨਹਾਉਂਦੇ ਹਨ। ਹਰ ਵਰ੍ਹੇ ਇਸ ਜਗ੍ਹਾ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਜਾਂਦੀ ਹੈ। ਪਿਛਲੇ ਵਰ੍ਹੇ ਵੀ ਇੱਕ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਇਹ ਜਗ੍ਹਾ ਥਾਣਾ ਟੱਲੇਵਾਲ ਤੋਂ ਕੁੱਝ ਦੂਰੀ ਉਪਰ ਹੈ। ਇਸ ਦੇ ਬਾਵਜੂਦ ਪੁਲਿਸ ਇੱਥੇ ਨਹਾਉਣ ਵਾਲੇ ਲੋਕਾਂ ਨੂੰ ਰੋਕਣ ਵਿੱਚ ਅਸਫ਼ਲ ਰਹੀ ਹੈ।