ਨੀਟੂ ਸ਼ਟਰਾਂ ਵਾਲਾ ਨੂੰ ਕੌਣ ਨਹੀਂ ਜਾਣਦਾ, ਹੁਣ ਇੱਕ ਵਾਰ ਨੀਟੂ ਸ਼ਟਰਾਂ ਵਾਲਾ ਚਰਚਾ 'ਚ ਆ ਗਿਆ ਹੈ। ਦਰਅਸਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ "ਨੀਟੂ ਸ਼ਟਰਾਂ ਵਾਲਾ ਮੁੱਖ ਮੰਤਰੀ ਬਣ ਸਕਦਾ ਹੈ"। ਦਰਅਸਲ ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਮੈਂਬਰ ਚੰਨੀ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ 'ਤੇ ਤੰਜ ਕੱਸਦੇ ਆਖਿਆ ਸੀ ਕਿ ਨੀਟੂ ਸ਼ਟਰਾਂ ਵਾਲਾ ਭਾਵੇਂ ਮੁੱਖ ਮੰਤਰੀ ਬਣ ਜਾਵੇ ਪਰ ਰਵਨੀਤ ਬਿੱਟੂ ਕਦੇ ਵੀ ਮੁੱਖ ਮੰਤਰੀ ਨਹੀਂ ਬਣ ਸਕਦਾ"।
ਨੀਟੂ ਸ਼ਟਰਾਂ ਵਾਲਾ ਨੇ ਲੜੀਆਂ ਚੋਣਾਂ
ਤੁਹਾਨੂੰ ਦਸ ਦਈਏ ਕਿ ਨੀਟੂ ਨੇ 2019 ਦੀਆਂ ਲੋਕ ਸਭਾ ਚੋਣਾਂ 'ਆਪਣੀ ਕਿਸਮਤ ਅਜ਼ਮਾਈ ਸੀ। ਨੀਟੂ ਚੋਣ ਜਿੱਤਣ ਕਾਰਨ ਨਹੀਂ ਬਲਕਿ ਹਾਰ ਕਾਰਨ ਸੁਰਖੀਆਂ 'ਚ ਆਇਆ ਸੀ। ਸੋਸ਼ਲ ਮੀਡੀਆ 'ਤੇ ਨੀਟੂ ਉਸ ਸਮੇਂ ਵਾਇਰਲ ਹੋਇਆ ਜਦੋਂ ਹਾਰਨ ਮਗਰੋਂ ਉਹ ਫੁੱਟ-ਫੁੱਟ ਰੋਇਆ ਅਤੇ ਉਸ ਨੇ ਆਖਿਆ ਕਿ ਉਸ ਨੂੰ ਸਿਰਫ਼ 5 ਹੀ ਵੋਟਾਂ ਪਈਆਂ। ਉਸ ਦੇ ਆਪਣੇ ਘਰ ਦੇ ਮੈਂਬਰਾਂ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਨੀਟੂ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਨੂੰ ਲੈ ਕੇ ਕਾਫੀ ਚਰਚਿਤ ਰਹਿੰਦਾ ਹੈ। ਹੁਣ 2024 ਵਿੱਚ ਵੀ ਉਹ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਤੋਂ ਆਜ਼ਾਦ ਉਮੀਦਵਾਰ ਵੱਜੋਂ ਆਪਣੀ ਕਿਸਮਤ ਅਜ਼ਮਾਈ ਪਰ ਇਸ ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਨੀਟੂ ਸ਼ਟਰਾਂ ਵਾਲਾ 2024 ਜ਼ਿਮਨੀ ਚੋਣ ਵਿੱਚ ਵੀ ਚੋਣ ਮੈਦਾਨ ਦੇ ਵਿੱਚ ਖੜਾ ਹੋਇਆ ਸੀ ।ਜਲੰਧਰ ਪੱਛਮੀ ਤੋਂ ਸ਼ੀਤਲ ਅੰਗੁਰਾਲ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ । ਜਿਸ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਨੇ ਇਸ ਸੀਟ ਤੋਂ ਵੀ ਚੋਣ ਲੜੀ ਸੀ ਪਰ ਉਸ ਨੂੰ ਜ਼ਿਮਨੀ ਚੋਣ ਦੇ ਵਿੱਚ ਮਹਿਜ਼ 236 ਵੋਟਾਂ ਪਈਆਂ ਅਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਇਹਨਾਂ ਚੋਣਾਂ ਦੇ ਵਿੱਚ ਜੇਤੂ ਰਹੇ ਸਨ। ਕਾਬਲੇਜ਼ਿਕਰ ਹੈ ਕਿ ਨੀਟੂ ਸ਼ਟਰਾਂ ਵਾਲਾ ਜਿੰਨੀ ਵਾਰ ਵੀ ਚੋਣ ਮੈਦਾਨ ਵਿੱਚ ਖੜਾ ਹੋਇਆ, ਉਸ ਦੀ ਹਰ ਵਾਰ ਹੀ ਜ਼ਮਾਨਤ ਜਬਤ ਹੋਈ ਹੈ।