ਅੰਮ੍ਰਿਤਸਰ: ਅਕਸਰ ਹੀ ਖੁਦਕੁਸ਼ੀ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਹਨ। ਇੱਕ ਅਜਿਹਾ ਹੀ ਮਾਮਲਾ ਪਿੰਡ ਕੁਕੜਾਂ ਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਆਹੁਤਾ ਔਰਤ ਵੱਲੋਂ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਗਿਆ। ਮ੍ਰਿਤਕ ਦੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਮ੍ਰਿਤਕ ਦੇ ਪਰਿਵਾਰ ਨੇ ਮੀਡੀਆ ਨਾਲ ਗੱਲ ਕਰਦੇ ਆਖਿਆ ਕਿ ਸਾਡੀ ਕੁੜੀ ਦੇ ਵਿਆਹ ਨੂੰ 12 ਸਾਲ ਹੋ ਗਏ ਸਨ। ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ। ਸਾਡੀ ਧੀ ਨੂੰ ਅਕਸਰ ਹੀ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਆਖਿਆ ਕਿ ਸਾਡੀ ਧੀ ਖੁਦਕੁਸ਼ੀ ਨਹੀਂ ਕਰ ਸਕਦੀ, ਉਸ ਦਾ ਸਹੁਰੇ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਹੈ।
ਇਨਸਾਫ਼ ਦੀ ਗੁਹਾਰ
ਪੀੜਤ ਪਰਿਵਾਰ ਵੱਲੋਂ ਪ੍ਰਸਾਸ਼ਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਸਹੁਰੇ ਪਰਿਵਾਰ 'ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਪਹਿਲਾਂ ਮਾਮਲਾ ਥਾਣੇ 'ਤੇ ਗਿਆ ਸੀ ਪਰ ਉਦੋਂ ਸਮਝੌਤਾ ਹੋ ਗਿਆ। ਉਸ ਤੋਂ ਬਾਅਦ ਵੀ ਲਗਾਤਾਰ ਸਾਡੀ ਧੀ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਹੁਣ ਮ੍ਰਿਤਕ ਦੇ ਪਤੀ ਵੱਲੋਂ ਕਾਰ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਤਾਂ ਇਨਸਾਫ਼ ਚਾਹੀਦਾ ਹੈ ਪਰ ਕੁੜੀ ਦਾ ਸਹੁਰਾ ਪਰਿਵਾਰ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਪੁਲਿਸ ਨੂੰ ਆਖਿਆ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਪੋਸਟਮਾਰਟ ਤੋਂ ਬਾਅਦ ਹੋਵੇਗਾ ਖੁਲਾਸਾ
ਇਸ ਮਾਮਲੇ 'ਚ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲੇ ਉਹ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਪੋਸਟਮਾਰਟ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕਿ ਆਖਰ ਮੌਤ ਦਾ ਅਸਲ ਕਾਰਨ ਕੀ ਹੈ?