ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਵਿਖੇ ਦੋ ਧਿਰਾਂ ਦੇ ਵਿਚਾਲੇ ਇੱਟਾਂ ਰੋੜੇ ਚੱਲੇ ਹਨ। ਜਾਣਕਾਰੀ ਅਨੁਸਾਰ ਪਿੰਡ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਅਤੇ ਕਈ ਧਿਰਾਂ ਵੱਲੋਂ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸ ਦੌਰਾਨ ਲੰਗਰ ਦੀ ਵੰਡ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਮਾਮਲਾ ਇੰਨਾ ਗਰਮਾ ਗਿਆ ਕੀ ਪੂਰਾ ਪਿੰਡ ਜੰਗ ਦਾ ਮੈਦਾਨ ਬਣ ਗਿਆ। ਲੋਕਾਂ ਨੇ ਛੱਤਾਂ 'ਤੇ ਚੜ੍ਹ ਕੇ ਇੱਕ ਦੂਜੇ ਦੇ ਘਰਾਂ ਵਿੱਚ ਇੱਟਾਂ ਰੋੜੇ ਚਲਾਏ ਅਤੇ ਇਸ ਦੌਰਾਨ ਬਚਾ ਕਰਨ ਆਏ ਸਾਬਕਾ ਸਰਪੰਚ ਅਤੇ ਮੌਜੂਦ ਸਰਪੰਚ ਨੂੰ ਵੀ ਹਮਲਾਵਰਾਂ ਨੇ ਨਹੀਂ ਛੱਡਿਆ।
ਇਸ ਘਟਨਾਕ੍ਰਮ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਕ ਧਿਰ ਨੇ ਦੂਜੀ ਧਿਰ ਉੱਤੇ ਇਲਜ਼ਾਮ ਲਗਾਏ ਕਿ ਉਨ੍ਹਾਂ ਉੱਪਰ ਇਹ ਹਮਲਾ ਸਰਪੰਚੀ ਚੋਣਾਂ ਨੂੰ ਲੈ ਕੇ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਸਾਡੇ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ ਹਨ, ਜਿਸ ਨਾਲ ਉਨ੍ਹਾਂ ਦਾ ਇੱਕ ਨੌਜਵਾਨ ਜ਼ਖ਼ਮੀ ਹੋਇਆ ਹੈ। ਇਸ ਘਟਨਾ ਦੀ ਉਨ੍ਹਾਂ ਕੋਲ ਵੀਡੀਓ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਕੋਠਿਆਂ ਉੱਤੇ ਚੜ੍ਹ ਕੇ ਉਨ੍ਹਾਂ ਉਪੱਰ ਗੋਲੀਆਂ ਅਤੇ ਇੱਟਾਂ ਰੋੜੇ ਚਲਾਏ ਜਾ ਰਹੇ ਹਨ।
ਸਾਡੇ ਪਿੰਡ ਵਿੱਚ ਰਾਤ ਨਗਰ ਕੀਰਤਨ ਨਿਕਲਿਆ ਸੀ, ਜੋ ਸਾਰੇ ਪਿੰਡ ਨੇ ਰਲ ਕੇ ਸਜਾਇਆ ਸੀ। ਜਿਸ ਕਰਕੇ ਅਸੀਂ ਕਿੰਨੂਆਂ ਦੀ ਸੇਵਾ ਕਰ ਰਹੇ ਸੀ। ਇਸ ਮੌਕੇ ਇਨ੍ਹਾਂ ਦੇ ਬੰਦਿਆਂ ਨੇ ਸਾਡੇ ਕੋਲੋਂ ਲਲਕਾਰੇ ਮਾਰਦੇ ਹੋਏ ਟਰਾਲੀ ਲੰਘਾਈ। ਜਿਸ ਤੋਂ ਬਾਅਦ ਅਸੀਂ ਮੌਜੂਦਾ ਸਰਪੰਚ ਕੋਲ ਗਏ ਅਤੇ ਕਿਹਾ ਇਨ੍ਹਾਂ ਵੱਲੋਂ ਕੀਤਾ ਗਿਆ ਇਹ ਕੰਮ ਚੰਗਾ ਨਹੀਂ ਹੈ। ਜਿਸ ਤੋਂ ਬਾਅਦ ਸਰਪੰਚ ਨੇ ਕਿਹਾ ਕਿ ਕੋਈ ਗੱਲ ਨਹੀਂ ਸਾਰੇ ਮਿਲ ਕੇ ਇਸ ਬਾਰੇ ਗੱਲ ਕਰਦੇ ਹਾਂ। ਜਿਸ ਤੋਂ ਬਾਅਦ ਇਨ੍ਹਾਂ ਨੇ ਕੋਠਿਆਂ ਉੱਤੇ ਚੜ੍ਹ ਕੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਸਾਡੇ ਡੰਗਰ ਪਸ਼ੂਆਂ ਦਾ ਵੀ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਇਹ 70-80 ਦੇ ਕਰੀਬ ਹਮਲਾਵਰ ਸਨ ਜਿਨ੍ਹਾਂ ਨੇ ਕੋਠਿਆਂ 'ਤੇ ਚੜ੍ਹ ਕੇ ਹਮਲਾ ਕੀਤਾ ਸੀ। ਇਨ੍ਹਾਂ ਬੰਦਿਆ ਨੇ ਸਾਡੇ ਘਰਾਂ ਦੇ ਸ਼ੈੱਡ ਤੋੜ ਦਿੱਤੇ ਅਤੇ ਅੱਜ ਵੀ ਸਾਡੇ ਘਰ ਦੇ ਅੱਗਿਓ ਤਲਵਾਰਾਂ ਲੈ ਕੇ ਲਲਕਾਰੇ ਮਾਰਦੇ ਹੋਏ ਲੰਘੇ ਹਨ।- ਕਰਮਜੀਤ ਸਿੰਘ, ਸਾਬਕਾ ਸਰਪੰਚ
ਸਰਪੰਚ ਨੇ ਦਿੱਤੀ ਜਾਣਕਾਰੀ
ਸਾਡੇ ਪਿੰਡ ਦੇ ਸਾਰੇ ਲੋਕ ਨਗਰ ਕੀਰਤਨ ਉੱਤੇ ਗਏ ਸਨ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਜਿਸ ਕਰਕੇ ਇਨ੍ਹਾਂ ਨੇ ਇੱਕ ਦੂਜੇ ਉੱਤੇ ਇੱਟਾਂ ਰੋੜੇ ਚਲਾ ਦਿੱਤੇ। ਇਨ੍ਹਾਂ ਵੱਲੋਂ ਮਾਰੇ ਗਏ ਇੱਟਾਂ ਰੋੜੇ ਮੇਰੇ ਘਰ ਵੀ ਆ ਕੇ ਡਿੱਗੇ ਨੇ। ਸਾਡੇ ਘਰ ਖੜ੍ਹੇ ਟਰੈਕਟਰ, ਗੱਡੀ ਅਤੇ ਗੇਟ ਉੱਤੇ ਰੋੜੇ ਮਾਰੇ ਗਏ। ਕੋਠੇ ਉੱਤੇ ਚੜ੍ਹ ਕੇ ਗੋਲੀਆਂ ਚਲਾਈਆਂ ਇਨ੍ਹਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਇਨ੍ਹਾਂ ਵੱਲੋਂ ਮਾਰੇ ਗਏ ਇੱਟਾਂ ਰੋੜਿਆਂ ਦੀ ਸਭ ਕੋਲ ਵੀਡੀਓ ਵੀ ਮੌਜੂਦ ਹੈ। ਇਨ੍ਹਾਂ ਨੇ ਰਾਤ ਵੀ ਗੋਲੀਆਂ ਚਲਾਈਆਂ ਅਤੇ ਅੱਜ ਵੀ ਗੋਲੀਆਂ ਚਲਾਈਆਂ ਹਨ।... ਮੋਹਨ ਸਿੰਘ, ਮੌਜੂਦਾ ਸਰਪੰਚ
ਫਿਰੋਜ਼ਪੁਰ ਦੇ ਐੱਸ.ਐੱਚ. ਓ ਨੇ ਦਿੱਤੀ ਜਾਣਕਾਰੀ
ਇਹ ਪਾਰਟੀਬਾਜ਼ੀ ਹੈ, ਨਿੱਕੀਆਂ-ਨਿੱਕੀਆਂ ਗੱਲਾਂ ਕਰਕੇ ਝਗੜਾ ਹੋਇਆ ਹੈ। ਜਿਸ ਨੂੰ ਲੈ ਕੇ ਇੱਟਾਂ ਰੋੜੇ ਚੱਲ ਗਏ। ਹੁਣ ਇੱਕ ਦੂਜੇ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਫਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ। ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। -ਸੁਰਜੀਤ ਸਿੰਘ,SHO ਥਾਣਾ ਸਦਰ, ਫਿਰੋਜ਼ਪੁਰ