ਤਰਨ ਤਾਰਨ: ਆਏ ਦਿਨ ਹੀ ਪੰਜਾਬ ਵਿੱਚ ਨਕਲੀ ਪੁਲਿਸ ਵਜੋਂ ਵਰਦੀਆਂ ਪਹਿਨ ਕੇ ਘੁੰਮਦੇ ਮਹਿਲਾਵਾਂ ਅਤੇ ਪੁਰਸ਼ ਅਸਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਤਰਨ ਤਰਨ ਤੋਂ ਸਾਹਮਣੇ ਆਇਆ ਹੈ। ਜਿੱਥੇ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਨਕਲੀ ਲੇਡੀਜ਼ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਗਿਆ ਹੈ। ਏਐੱਸਾਈ ਪ੍ਰਤਾਪ ਸਿੰਘ ਮੁਤਾਬਿਕ ਉਨ੍ਹਾਂ ਨੇ ਜਿਸ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ ਆਪਣੇ ਆਪ ਨੂੰ ਆਈਪੀਐਸ ਦੱਸ ਰਹੀ ਸੀ ਪਰ ਉਹ ਇਸ ਅਹੁਦੇ ਨਾਲ ਸਬੰਧਿਤ ਕੋਈ ਪਛਾਣ ਪੱਤਰ ਜਾਂ ਆਈਡੀ ਕਾਰਡ ਪੇਸ਼ ਨਹੀਂ ਕਰ ਸਕੀ।
ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ
ਇਸ ਸਬੰਧੀ ਮੀਡੀਆ ਨੂੰ ਹੋਰ ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਡ ਦੇ ਏਐਸਆਈ ਪ੍ਰਤਾਪ ਸਿੰਘ ਨੇ ਦੱਸਿਆ ਕਿ, 'ਉਨ੍ਹਾਂ ਵੱਲੋਂ ਇੱਕ ਨਕਲੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਪੁਲਿਸ ਦੀ ਵਰਦੀ ਪਾ ਕੇ ਕਾਨੂੰਨ ਦੀ ਉਲੰਘਣਾ ਕਰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਫਰਜ਼ੀ ਲੇਡੀ ਪੁਲਿਸ ਮੁਲਾਜ਼ਮ ਦੀ ਪਹਿਚਾਣ ਸਿਮਰਨਜੀਤ ਕੌਰ ਵਜੋਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੇਰੀ ਜਾਂਚ ਜਾਰੀ ਹੈ।'
ਇਸ ਤੋਂ ਪਹਿਲਾਂ ਪਿੰਡ ਖਾਲੜਾ ਦੀ ਪੁਲਿਸ ਨੇ ਵੀ ਦੋ ਫ਼ਰਜ਼ੀ ਪੁਲਿਸ ਮੁਲਾਜ਼ਮਾਂ ਨੂੰ ਚੋਰੀ ਦੀ ਸਵਿਫਟ ਕਾਰ, 32 ਬੋਰ ਪਿਸਟਲ ਅਤੇ ਰੌਂਦਾ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਨੌਜਵਾਨਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਫੌਜੀ ਪੁੱਤਰ ਜਗੀਰ ਸਿੰਘ ਵਾਸੀ ਨਾਰਲੀ ਅਤੇ ਹਰਵਿੰਦਰ ਸਿੰਘ ਪੁੱਤਰ ਮਨਧੀਰ ਸਿੰਘ ਵਾਸੀ ਧਨੌਲਾ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਸੀ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸੱਤ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ। ਜਦੋਂ ਮੁਲਜ਼ਮਾਂ ਨੂੰ ਵਰਦੀਆਂ ਸਬੰਧੀ ਪੁੱਛਿਆ ਗਿਆ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਪੁਲਿਸ ਮੁਲਾਜ਼ਮ ਹੋਣ ਦਾ ਦਾਅਵਾ ਕੀਤਾ ਪਰ ਜਦੋਂ ਦੋਵੇਂ ਪਛਾਣ ਪੱਤਰ ਪੇਸ਼ ਨਾ ਕਰ ਸਕੇ ਤਾਂ ਸ਼ੱਕ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਮੁਲਜ਼ਮਾਂ ਦੀਆਂ ਫੋਟੋਆਂ ਖਿੱਚ ਕੇ ਪੀਏਆਈਐੱਸ (ਪੰਜਾਬ ਆਰਟੀਫਿਸ਼ਲ ਇੰਟੈਲੀਜੈਂਸ ਸਿਸਟਮ) ਐਪਲੀਕੇਸ਼ਨ 'ਤੇ ਚੈੱਕ ਕੀਤੀਆਂ ਤਾਂ ਗੁਰਵਿੰਦਰ ਸਿੰਘ ਉਰਫ਼ ਫੌਜੀ ਨਾਂ ਦੇ ਨੌਜਵਾਨ 'ਤੇ ਐੱਨਡੀਪੀਐੱਸ ਦੇ ਦੋ ਅਤੇ ਇੱਕ 302 ਦਾ ਪਰਚਾ ਦਰਜ ਸੀ। ਤਲਾਸ਼ੀ ਦੌਰਾਨ ਗੁਰਵਿੰਦਰ ਸਿੰਘ ਦੀ ਡੱਬ ਵਿੱਚੋਂ 32 ਬੋਰ ਦਾ ਰਿਵਾਲਵਰ ਅਤੇ ਇੱਕ ਰੈੱਡਮੀ ਕੰਪਨੀ ਦਾ ਮੋਬਾਈਲ ਫੋਨ ਬਰਾਮਦ ਹੋਇਆ।