ਕਪੂਰਥਲਾ: ਬੀਤੇ ਦਿਨੀਂ ਖੀਰਾਂਵਾਲੀ ਵਿਖੇ ਇੱਕ ਪੈਟਰੋਲ ਪੰਪ 'ਤੇ ਲੁੱਟ ਦੇ ਇਰਾਦੇ ਨਾਲ ਗੋਲੀ ਮਾਰ ਕੇ ਪੈਟਰੋਲ ਪੰਪ ਕਰਿੰਦੇ ਦੇ ਕੀਤੇ ਕਤਲ ਸਬੰਧੀ ਪੁਲਿਸ ਨੇ ਇੱਕ ਨਬਾਲਿਗ ਸਮੇਤ ਚਾਰ ਕਥਿਤ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਪੀ. ਡੀ. ਸਰਬਜੀਤ ਰਾਏ ਨੇ ਦੱਸਿਆ ਕਿ ਬੀਤੀ 1 ਫਰਵਰੀ ਨੂੰ ਰਾਤ ਕਰੀਬ ਸਵਾ 9 ਵਜੇ ਖੀਰਾਂਵਾਲੀ ਵਿਖੇ ਪੈਟਰੋਲ ਪੰਪ 'ਤੇ ਅਣਪਛਾਤਿਆਂ ਵੱਲੋਂ ਪੈਸੇ ਲੁੱਟਣ ਦੀ ਨੀਅਤ ਨਾਲ ਪੰਪ 'ਤੇ ਕੰਮ ਕਰਨ ਵਾਲੇ ਨੌਜਵਾਨ ਕੁਲਵੰਤ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਲੁਟੇਰੇ 7500 ਰੁਪਏ ਲੁੱਟ ਕੇ ਫਰਾਰ ਹੋ ਗਏ।
ਮਾਮਲੇ ਨੂੰ ਹੱਲ ਕਰਨ ਲਈ ਬਣਾਈ ਗਈ ਟੀਮ
ਐਸ.ਪੀ. ਡੀ. ਸਰਬਜੀਤ ਰਾਏ ਨੇ ਦੱਸਿਆ ਕਿ,' ਇਸ ਸਬੰਧੀ ਥਾਣਾ ਫੱਤੂਢੀਂਗਾ ਵਿਖੇ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਮਾਮਲੇ ਨੂੰ ਹੱਲ ਕਰਨ ਲਈ ਟੀਮ ਬਣਾਈ ਗਈ ਹੈ। ਟੀਮ ਨੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰਦਿਆਂ ਕਥਿਤ ਮੁਲਜ਼ਮ ਅਰਜਨ ਸਿੰਘ ਉਰਫ਼ ਗੋਪੀ ਵਾਸੀ ਮੰਡੇਰ ਬੇਟ, ਰੋਹਿਤ ਵਾਸੀ ਨੂਰਪੁਰ ਲੁਬਾਣਾ, ਤੱਜਵੀਰ ਸਿੰਘ ਵਾਸੀ ਮਨਸੂਰਵਾਲ ਬੇਟ ਅਤੇ ਇਨ੍ਹਾਂ ਦੇ ਇਕ ਹੋਰ ਨਬਾਲਿਗ ਸਾਥੀ ਨੂੰ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਮੋਟਰਸਾਈਕਲ, ਇਕ ਦਾਤਰ ਅਤੇ ਇਕ ਹਾਕੀ ਬਰਾਮਦ ਕੀਤੀ ਗਈ ਹੈ। '
ਵੱਖ-ਵੱਖ ਥਾਣਿਆਂ ਵਿਚ ਅੱਧੀ ਦਰਜਨ ਦੇ ਕਰੀਬ ਮਾਮਲੇ ਦਰਜ
ਐਸ.ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਅਰਜਨ ਸਿੰਘ ਉਰਫ਼ ਗੋਪੀ ਵਿਰੁੱਧ ਪਹਿਲਾਂ ਵੀ ਅਸਲਾ ਐਕਟ ਦਾ ਕੇਸ ਥਾਣਾ ਸਿਟੀ ਵਿਖੇ ਦਰਜ ਹੈ ਅਤੇ ਉਹ ਬੀਤੀ 11 ਜਨਵਰੀ ਨੂੰ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ। ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਵਾਰਦਾਤ ਮੌਕੇ ਇਨ੍ਹਾਂ ਦੇ ਨਾਲ ਜਰਨੈਲ ਸਿੰਘ ਉਰਫ਼ ਜੈਲਾ ਵਾਸੀ ਨੂਰਪੁਰ ਲੁਬਾਣਾ, ਸੁਖਵਿੰਦਰ ਸਿੰਘ ਉਰਫ਼ ਕਾਕਾ ਵਾਸੀ ਢਿੱਲਵਾਂ ਅਤੇ ਤੀਰਥ ਵਾਸੀ ਹੰਬੋਵਾਲ ਵੀ ਸ਼ਾਮਲ ਸਨ। ਕੁਲਵੰਤ ਸਿੰਘ 'ਤੇ ਗੋਲੀ ਜਰਨੈਲ ਸਿੰਘ ਉਰਫ਼ ਜੈਲਾ ਨੇ ਚਲਾਈ ਸੀ। ਉਨ੍ਹਾਂ ਦੱਸਿਆ ਕਿ ਉਕਤ ਤਿੰਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣੀ ਹਾਲੇ ਬਾਕੀ ਹੈ ਅਤੇ ਪਿਸਤੌਲ ਵੀ ਬਰਾਮਦ ਕਰਨਾ ਬਾਕੀ ਹੈ। ਐਸ.ਪੀ. ਰਾਏ ਨੇ ਦੱਸਿਆ ਕਿ ਜਰਨੈਲ ਸਿੰਘ ਉਰਫ਼ ਜੈਲਾ ਦੇ ਖਿਲਾਫ਼ ਜਲੰਧਰ ਨਾਲ ਸਬੰਧਿਤ ਵੱਖ-ਵੱਖ ਥਾਣਿਆਂ ਵਿੱਚ ਅੱਧੀ ਦਰਜਨ ਦੇ ਕਰੀਬ ਮਾਮਲੇ ਦਰਜ ਹਨ ਅਤੇ ਅਦਾਲਤ ਵਲੋਂ ਉਸ ਨੂੰ ਭਗੌੜਾ ਐਲਾਨਿਆ ਗਿਆ ਹੈ। ਫਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ |